29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਲਾਚੌਰ ਵਿਖੇ ਗੋਲੀ ਚੱਲਣ ਨਾਲ ਸਹਿਮ ਦਾ ਮਾਹੌਲ

Ad Position 21
No active advertisement
ਅਜੀਤ ਡੈਸਕ 13-03-2026
ਬਲਾਚੌਰ, 12 ਮਾਰਚ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਅੱਜ ਸਵੇਰੇ ਤੜਕਸਾਰ ਬਲਾਚੌਰ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਲਗਪਗ 5 ਵਜੇ ਗੋਲੀਆਂ ਚੱਲਣ ਦੀ ਆਵਾਜ਼ ਨੇ ਦਹਿਸ਼ਤ ਫੈਲਾਅ ਦਿੱਤੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀ ਬਲਾਚੌਰ ਭੱਦੀ ਰੋਡ 'ਤੇ ਬੂਲੇਵਾਲ ਮੋੜ ਦੇ ਨਜ਼ਦੀਕ ਕਿ੍ਸ਼ਨਾ ਸਵੀਟਸ ਵਾਲੀ ਗਲੀ ਦੇ ਅੰਦਰ ਇਕ ਵਿਅਕਤੀ ਦੇ ਘਰ ਅੱਗੇ ਪਹੁੰਚ ਕੇ ਗੇਟ ਵਿੱਚੋਂ ਘਰ ਦੇ ਅੰਦਰਲੇ ਪਾਸੇ ਨੂੰ ਪੰਜ ਫਾਇਰ ਕਰ ਕੇ ਮੌਕੇ ਵਾਲੇ ਸਥਾਨ ਤੋਂ ਫਰਾਰ ਹੋ ਗਏ | ਗੋਲੀ ਚੱਲਣ ਨਾਲ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਜਦ ਕਿ ਇੱਕ ਗੋਲੀ ਘਰ ਦੇ ਅੰਦਰ ਖੜ੍ਹੀ ਕਾਰ ਵਿੱਚ ਲੱਗੀ, ਦੋ ਗੋਲੀਆਂ ਘਰ ਦੀਆਂ ਛੱਤਾਂ ਵਿਚ ਵੱਜੀਆਂ ਤੇ ਦੋ ਗੋਲੀਆਂ ਹਵਾਈ ਫਾਇਰ ਹੋਏ | ਸੂਚਨਾ ਮਿਲਦਿਆਂ ਹੀ ਬਲਾਚੌਰ ਥਾਣਾ ਸਿਟੀ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਵਾਰਦਾਤ ਸਬੰਧੀ ਛਾਣਬੀਣ ਵਿੱਚ ਜੁੱਟ ਗਈ | ਮੁਹਾਲੀ ਤੋਂ ਪਹੁੰਚੀ ਫਰਾਂਸਿਸਕੋ ਟੀਮ ਨੇ ਵੀ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਦੋਸ਼ੀਆਂ ਵਲੋਂ ਚਲਾਏ ਗਏ ਪੰਜ ਫਾਇਰਾਂ ਦੇ ਖੋਲਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਗਏ ਜਿਸ ਵਿੱਚ ਦੋ ਨਕਾਬਪੋਸ਼ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਰਦਾਤ ਵਾਲੇ ਸਥਾਨ 'ਤੇ ਪਹੁੰਚੇ ਅਤੇ ਫਾਇਰ ਕਰਕੇ ਉਸੇ ਵਕਤ ਮੌਕੇ ਤੋਂ ਫਰਾਰ ਹੋ ਗਏ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਕੁੱਝ ਦਿਨ ਪਹਿਲਾਂ ਸਬੰਧਤ ਵਿਅਕਤੀ ਪਾਸੋਂ ਕਰੀਬ 2 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ | ਮੰਗ ਪੂਰੀ ਨਾ ਹੁੰਦੀ ਦੇਖ, ਅੱਜ ਹਮਲਾਵਰਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ | ਭਾਵੇਂ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪ੍ਰੰਤੂ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ | ਬਲਾਚੌਰ ਹਲਕੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਫਿਰੌਤੀ, ਥਰੈਟ ਕਾਲਾਂ ਅਤੇ ਧਮਕੀ ਭਰੇ ਫੋਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ | ਅੱਜ ਦੀ ਇਸ ਵਾਰਦਾਤ ਨੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ | ਸਥਾਨਕ ਨਿਵਾਸੀ ਆਪਣੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਤ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਦਿਨ-ਦਿਹਾੜੇ ਅਜਿਹੀਆਂ ਵਾਰਦਾਤਾਂ ਹੁੰਦੀਆਂ ਰਹੀਆਂ, ਤਾਂ ਆਮ ਆਦਮੀ ਦਾ ਜਿਊਣਾ ਮੁਸ਼ਕਿਲ ਹੋ ਜਾਵੇਗਾ | ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਉਮੀਦ ਹੈ, ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਨਹਿਰ 'ਚ ਨਹਾਉਂਦੇ ਸਮੇਂ ਅਚਾਨਕ 12 ਸਾਲਾ ਲੜਕਾ ਰੁੜਿ੍ਹਆ ਅਗਲੀ ਖ਼ਬਰ ਕੰਨਿਆ ਭਰੂਣ ਹੱਤਿਆ ਗੰਭੀਰ ਚਿੰਤਾ ਦਾ ਵਿਸ਼ਾ- ਡਾ. ਹੀਰਾ, ਡਾ. ਗੌਰਵਦੀਪ ਸਿੰਘ
Ad Position 24