ਕਾਠਗੜ੍ਹ, 12 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਹਾਈਵੇ ਦੇ ਨਾਲ ਲੰਘਦੀ ਬਿਸਤ ਦੁਆਬ ਨਹਿਰ ਵਿੱਚ ਇੱਕ 12 ਸਾਲ ਬੱਚਾ ਜੌਰਜ ਪੁੱਤਰ ਰਵਿੰਦਰ ਸਿੰਘ ਵਾਸੀ ਪ੍ਰੇਮ ਨਗਰ ਆਸਰੋਂ ਨਹਾਉਣ ਲਈ ਨਹਿਰ ਵਿਚ ਗਿਆ ਸੀ | ਉਸ ਨੇ ਇਕ ਸਫ਼ੈਦੇ ਨਾਲ ਰੱਸੀ ਬੰਨ੍ਹ ਕੇ ਉਸ ਨਾਲ ਲਮਕ ਕੇ ਨਹਿਰ ਵਿਚ ਨਹਾਉਣਾ ਸ਼ੁਰੂ ਕੀਤਾ | ਜੌਰਜ ਨੇ ਜਦੋਂ ਨਹਾਉਣ ਉਪਰੰਤ ਰੱਸੀ ਨੂੰ ਫੜ ਨਹਿਰ ਵਿਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਰੱਸੀ ਟੁੱਟ ਗਈ, ਜਿਸ ਕਾਰਨ ਉਹ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ | ਉਸ ਨੂੰ ਰੁੜ੍ਹਦੇ ਹੋਏ ਉਸਦੀ ਛੋਟੀ ਭੈਣ ਨੇ ਦੇਖਿਆ ਤੇ ਹਾਈਟੈੱਕ 'ਤੇ ਸਥਿਤ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ, ਪੁਲਿਸ ਮੁਲਾਜ਼ਮ ਵਲੋਂ ਵੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਪਾਣੀ ਵਿੱਚ ਡੁੱਬ ਗਿਆ | ਉਨ੍ਹਾਂ ਵਲੋਂ ਤੁਰੰਤ ਆਸਰੋਂ ਚੌਕੀ ਇੰਚਾਰਜ ਸੰਦੀਪ ਸ਼ਰਮਾ ਨੂੰ ਸੂਚਿਤ ਕਰ ਦਿੱਤਾ ਅਤੇ ਇਸ ਦੇ ਬਾਰੇ ਸੁਣਦੇ ਸਾਰ ਸਮਾਜ ਸੇਵੀ ਪ੍ਰਧਾਨ ਸੁਰਿੰਦਰ ਸ਼ਿੰਦਾ ਤੁਰੰਤ ਆਪਣੇ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਗਏ, ਉਨ੍ਹਾਂ ਦੇ ਸਾਥੀਆਂ ਵਲੋਂ ਨਹਿਰ ਵਿਚ 12 ਸਾਲਾਂ ਜੌਰਜ ਦੀ ਤਲਾਸ਼ ਸ਼ੁਰੂ ਕਰ ਦਿੱਤੀ | ਜਦਕਿ ਪਰਿਵਾਰਕ ਮੈਂਬਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ | ਇਸ ਮੌਕੇ ਆਸਰੋਂ ਚੌਕੀ ਦੇ ਇੰਚਾਰਜ ਸੰਦੀਪ ਕੁਮਾਰ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਵਲੋਂ ਤੁਰੰਤ ਰੋਪੜ ਦੇ ਗ਼ੋਤੇਖ਼ੋਰਾਂ ਨਾਲ ਸੰਪਰਕ ਕਰਕੇ ਮੌਕੇ 'ਤੇ ਬੁਲਾਇਆ ਅਤੇ ਬੱਚੇ ਦੀ ਤਲਾਸ਼ ਸ਼ੁਰੂ ਕਰ ਦਿੱਤੀ | ਗੋਤਾਖੋਰਾਂ ਵਲੋਂ ਕਾਫ਼ੀ ਜੱਦੋ-ਜਹਿਦ ਉਪਰੰਤ ਬੱਚੇ ਦੀ ਲਾਸ਼ ਨਹਿਰ ਵਿਚੋਂ ਬਾਹਰ ਕੱਢੀ ਗਈ |