ਤਲਵਾੜਾ, 12 ਮਾਰਚ (ਐੱਚ. ਐੱਸ. ਮਿੱਠੂ)-ਮਹਿਲਾ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਸਲਾਨਾ ਬਜਟ ਪੇਸ਼ ਕੀਤਾ ਗਿਆ ਜਿਸ ਵਿਚ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ | ਮਹਿਲਾਵਾਂ ਦਾ ਪਿਛਲੇ ਚਾਰ ਸਾਲਾਂ ਦਾ ਬਕਾਇਆ ਜੋ ਕਿ ਪ੍ਰਤੀ ਮਹਿਲਾ 48000 ਬਣਦਾ ਹੈ, ਇਸ ਵਾਅਦਾ ਖ਼ਿਲਾਫ਼ੀ ਕਾਰਨ ਮਹਿਲਾਵਾਂ ਵਿਚ ਭਾਰੀ ਰੋਸ ਹੈ | ਉਨ੍ਹਾਂ ਆਪਣੇ ਕੀਤੇ ਵਾਅਦੇ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਮਹਿਲਾਵਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ | ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਲਵਇੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਮਹਿਜ਼ ਇਕ ਚੁਣਾਵੀ ਜੁਮਲਾ ਹੈ | ਉਨ੍ਹਾਂ ਕਿਹਾ ਕਿ ਲਗਪਗ 4.47 ਲੱਖ ਕਰੋੜ ਕਰਜ਼ਾ ਵੱਧ ਚੁੱਕਾ ਹੈ ਜੋਕਿ ਭਵਿੱਖ ਵਿਚ ਮੋੜਨਾ ਚੌਣੂਤੀਪੂਰਨ ਹੋਵੇਗਾ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੂਬਾ ਸਰਕਾਰ ਵਲੋਂ ਲੋਕ ਲਭਾਉਣੀਆਂ ਸਕੀਮਾਂ ਦੇ ਕੇ ਆਕਰਸ਼ਿਤ ਕੀਤਾ ਜਾ ਰਿਹਾ ਹੈ | ਸੂਬਾ ਸਰਕਾਰ ਨੂੰ ਭਲਾਈ ਸਕੀਮਾਂ ਦੇ ਨਾਲ-ਨਾਲ ਮਜ਼ਬੂਤ ਆਰਥਿਕਤਾ ਲਈ, ਕਰਜ਼ਾ ਘਟਾਉਣ, ਉਦਯੋਗਾਂ ਨੂੰ ਪ੍ਰੋਤਸਾਹਨ, ਰੋਜ਼ਗਾਰ ਦੇ ਮੌਕੇ ਵਧਾਉਣ ਅਤੇ ਟਿਕਾਊ ਆਰਥਿਕ ਨੀਤੀਆਂ ਦੀ ਲੋੜ ਹੈ |