ਰੱਤੇਵਾਲ, 12 ਮਾਰਚ (ਅਸ਼ੋਕ ਕੁਮਾਰ ਲੀਲ)-ਹਲਕਾ ਬਲਾਚੌਰ ਦੇ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਪਿੰਡ ਜੰਡੀ ਟੰਡੋਹ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ | ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਨੂੰ ਮਾਡਲ ਪਿੰਡ ਬਣਾਉਣ ਦੇ ਵਿਜ਼ਨ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਲੋਕਤੰਤਰ ਦੀ ਮਜ਼ਬੂਤੀ ਅਤੇ ਆਪਸੀ ਏਕਤਾ ਦੀ ਮਿਸਾਲ ਹਨ | ਉਨ੍ਹਾਂ ਪੰਚਾਇਤ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਹ ਫ਼ੰਡ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਲਈ ਖ਼ਰਚ ਕਰਨ | ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਅਸ਼ੋਕ ਕਟਾਰੀਆ ਨੇ ਵੀ ਸੰਬੋਧਨ ਕੀਤਾ ਤੇ ਕਿਹਾ ਕਿ ਸਰਕਾਰ ਦਾ ਮਨੋਰਥ ਪਿੰਡਾਂ ਵਿਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਕੇ ਪਿੰਡਾਂ ਦੇ ਵਿਕਾਸ ਦੀ ਨਵੀਂ ਇਬਾਰਤ ਲਿਖਣਾ ਹੈ | ਉਨ੍ਹਾਂ ਪਿੰਡ ਜੰਡੀ ਟੰਡੋਹ ਦੇ ਵਾਸੀਆਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੀ ਤਰੱਕੀ ਨੂੰ ਚੁਣਿਆ ਹੈ | ਪਿੰਡ ਵਾਸੀਆਂ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਵਿਧਾਇਕ ਸੰਤੋਸ਼ ਕਟਾਰੀਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਸਾਡੇ ਵਲੋਂ ਵਿਕਾਸ ਕਾਰਜਾਂ ਨੂੰ ਉੱਚ ਮਿਆਰ ਅਤੇ ਨਿਸ਼ਚਿਤ ਸਮੇਂ ਵਿਚ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਗੁਰਚੈਨ ਸਿੰਘ ਸਰਪੰਚ, ਹਰਭਜਨ ਸਿੰਘ ਪੰਚ, ਮੋਹਨ ਲਾਲ ਪੰਚ, ਰਵੀਨੰਦਨ ਪੰਚ, ਕਮਲਜੀਤ ਕੌਰ ਪੰਚ, ਅਮਨ ਪ੍ਰੀਤ ਕੌਰ ਪੰਚ, ਸੋਹਣ ਲਾਲ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਸ, ਕਰਮ ਚੰਦ, ਗੁਰਮੇਲ ਸਿੰਘ, ਕੀਮਤੀ ਲਾਲ, ਕਮਲਜੀਤ, ਸੁਭਾਸ਼ ਚੰਦਰ ਲੰਬੜਦਾਰ, ਯਸ਼ਪਾਲ ਲੰਬੜਦਾਰ, ਬਲਵਿੰਦਰ ਬਾਂਠ, ਸਾਬਕਾ ਸਰਪੰਚ ਸ਼ੰਕਰ, ਦੁਰਗੇਸ਼ ਕੁਮਾਰ, ਰਾਮ ਕਿ੍ਸ਼ਨ ਚੇਚੀ, ਧਰਮਪਾਲ ਹੱਕਲਾ ਤੇ ਹੋਰ ਹਾਜ਼ਰ ਸਨ |