ਮੁਕੇਰੀਆਂ, 7 ਅਪ੍ਰੈਲ (ਰਾਮਗੜ੍ਹੀਆ)-ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਵਲੋਂ ਵਿਸ਼ਵ ਸਿਹਤ ਦਿਵਸ ਦੇ ਅਵਸਰ 'ਤੇ ਭੱਟੀਆਂ ਜੱਟਾਂ ਪਿੰਡ ਦੇ ਸਰਕਾਰੀ ਸਕੂਲ ਵਿਚ ਸਮੁਦਾਇਕ ਸੇਵਾ ਦੇ ਅੰਤਰਗਤ ਸਿਹਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਹ ਪ੍ਰੋਗਰਾਮ ਸਰੀਰਕ ਸਿੱਖਿਆ ਵਿਭਾਗ ਅਤੇ ਗ੍ਰਹਿ ਵਿਗਿਆਨ ਵਿਭਾਗ ਵਲੋਂ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੀ ਅਗਵਾਈ ਸਰੀਰਕ ਸਿੱਖਿਆ ਦੇ ਵਿਭਾਗ ਮੁਖੀ ਡਾ. ਚੰਦਰ ਸ਼ੇਖਰ ਅਤੇ ਗ੍ਰਹਿ ਵਿਗਿਆਨ ਦੀ ਵਿਭਾਗ ਮੁਖੀ ਪ੍ਰੋ. ਹਰਪ੍ਰੀਤ ਕੌਰ ਨੇ ਕੀਤੀ | ਇਸ ਅਵਸਰ 'ਤੇ ਡਾ. ਚੰਦਰ ਸ਼ੇਖਰ ਨੇ ਸਿਹਤ, ਨਿਯਮਤ ਕਸਰਤ ਤੇ ਯੋਗ ਦੇ ਮਹੱਤਵ 'ਤੇ ਜਾਗਰੂਕਤਾ ਪ੍ਰਦਾਨ ਕੀਤੀ, ਜਦਕਿ ਪ੍ਰੋ. ਹਰਪ੍ਰੀਤ ਕੌਰ ਨੇ ਸੰਤੁਲਿਤ ਖ਼ੁਰਾਕ, ਰਵਾਇਤੀ ਭੋਜਨ ਅਤੇ ਖਾਦ ਪਦਾਰਥਾਂ ਦੇ ਲੇਬਲ ਪੜ੍ਹਨ ਦੀ ਉਪਯੋਗਤਾ 'ਤੇ ਪ੍ਰਕਾਸ਼ ਪਾਇਆ | ਪ੍ਰੋਗਰਾਮ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਮਹਾਂਵਿਦਿਆਲਿਆ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਪ੍ਰਕਾਰ ਦੇ ਸਮੁਦਾਇਕ ਪ੍ਰੋਗਰਾਮ ਸਮਾਜ ਵਿਚ ਸਿਹਤ ਦੇ ਪ੍ਰਤੀ ਜਾਗਰੂਕਤਾ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਭਵਿੱਖ ਵਿਚ ਵੀ ਅਜਿਹੇ ਜਨ ਹਿਤਕਾਰੀ ਪ੍ਰੋਗਰਾਮ ਨਿਰੰਤਰ ਆਯੋਜਿਤ ਕੀਤੇ ਜਾਂਦੇ ਰਹਿਣਗੇ | ਇਸ ਪ੍ਰੋਗਰਾਮ ਵਿਚ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋ. ਬਿਕਰਮਜੀਤ ਸਿੰਘ ਅਤੇ ਗ੍ਰਹਿ ਵਿਗਿਆਨ ਵਿਭਾਗ ਤੋਂ ਪ੍ਰੋ. ਜੋਤੀ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ | ਇਸ ਅਵਸਰ 'ਤੇ ਗਰਾਮ ਪੰਚਾਇਤ ਅਤੇ ਖੇਤਰ ਦੀਆਂ ਮਾਨਯੋਗ ਸ਼ਖ਼ਸੀਅਤਾਂ ਪਿੰਡ ਦੇ ਸਰਪੰਚ ਐਡਵੋਕੇਟ ਗੁਰਿੰਦਰਜੀਤ ਸਿੰਘ, ਇੰਸਪੈਕਟਰ ਬਲਜੀਤ ਸਿੰਘ, ਜਥੇਦਾਰ ਰਜਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਮੈਡਮ ਰਚਨਾ, ਮਾਸਟਰ ਸਰਬਜੀਤ ਸਿੰਘ ਅਤੇ ਮੈਡਮ ਜਸਵੀਰ ਕੌਰ ਸਮੇਤ ਪਿੰਡ ਦੇ ਹੋਰ ਸਤਿਕਾਰਯੋਗ ਨਾਗਰਿਕ ਹਾਜ਼ਰ ਸਨ | ਅੰਤ ਵਿਚ ਡਾ. ਚੰਦਰ ਸ਼ੇਖਰ ਅਤੇ ਪ੍ਰੋ. ਹਰਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਸਫਲਤਾ 'ਤੇ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਮਹਾਂਵਿਦਿਆਲਿਆ ਦੇ ਪਿ੍ੰਸੀਪਲ ਡਾ. ਸਮੀਰ ਸ਼ਰਮਾ, ਕਾਲਜ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਅਤੇ ਹਾਜ਼ਰ ਮਹਿਮਾਨਾਂ ਦਾ ਸਹਿਯੋਗ ਦੇਣ 'ਤੇ ਹਾਰਦਿਕ ਧੰਨਵਾਦ ਕੀਤਾ |