ਬੰਗਾ, 11 ਅਪ੍ਰੈਲ (ਧਰਮਵੀਰ ਪਾਲ) - ਅੰਬੇਡਕਰ ਸੈਨਾ ਮੂਲ ਨਿਵਾਸੀ ਅਤੇ ਵੱਖ-ਵੱਖ ਜਥੇਬੰਦੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੰਗਾ ਸ਼ਹਿਰ 'ਚ ਭਾਰਤ ਰਤਨ ਡਾਕਟਰ ਬੀ.ਆਰ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸ਼ਾਨਦਾਰ ਢੰਗ ਨਾਲ ਕੱਢਿਆ ਗਿਆ | ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਲੋਕ ਆਪਣੇ ਟਰੈਕਟਰ, ਗੱਡੀਆਂ ਤੇ ਹੋਰ ਵਹੀਕਲਾਂ 'ਤੇ ਪਹੁੰਚੇ | ਇਸ ਮੌਕੇ ਵੱਖ-ਵੱਖ ਆਗੂਆਂ ਵਿੱਚ ਡੋਗਰ ਬੈਂਸ ਜ਼ਿਲ੍ਹਾ ਪ੍ਰਧਾਨ ਅੰਬੇਡਕਰ ਸੈਨਾ ਮੂਲ ਨਿਵਾਸੀ, ਅਰੁਣ ਘਈ, ਰਸ਼ਪਾਲ ਕੌਰ ਪਾਲੋ ਕੌਂਸਲਰ, ਪਰਮਜੀਤ ਮਹਿਰਮਪੁਰ ਸੀਨੀਅਰ ਬਸਪਾ ਆਗੂ, ਮੀਨਾ ਕੁਮਾਰੀ ਪ੍ਰਧਾਨ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਸਮੂਹ ਸੰਗਤ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ | ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਅੱਜ ਦੇਸ਼ ਦੇ ਹਰ ਵਰਗ ਨੂੰ ਬਰਾਬਰੀ ਦੇ ਹੱਕ ਮਿਲੇ ਹਨ | ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਰਾਰ ਦਿੰਦਿਆਂ ਕਿਹਾ ਗਿਆ ਕਿ ਬਾਬਾ ਸਾਹਿਬ ਜੀ ਨੇ ਸਮਾਜ ਦੇ ਪਿੱਛੜੇ ਵਰਗਾਂ ਨੂੰ ਨਵੀਂ ਪਛਾਣ ਦਿੱਤੀ ਅਤੇ ਸੰਵਿਧਾਨ ਰਾਹੀਂ ਹਰ ਨਾਗਰਿਕ ਨੂੰ ਹੱਕ ਤੇ ਅਜ਼ਾਦੀ ਪ੍ਰਦਾਨ ਕੀਤੀ | ਅੰਤ ਵਿੱਚ ਸਾਰੇ ਹਾਜ਼ਰੀਨ ਨੇ ਇਕਸੁਰ ਹੋ ਕੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਹਨਾਂ ਦੇ ਦਿਖਾਏ ਰਸਤੇ 'ਤੇ ਚਲਣ ਦਾ ਸੰਕਲਪ ਲਿਆ | ਇਸ ਸ਼ੋਭਾ ਯਾਤਰਾ ਵਿੱਚ ਡੋਗਰ ਬੈਂਸ, ਰਸ਼ਪਾਲ ਕੌਰ (ਕੌਂਸਲਰ), ਜੈਪਾਲ ਠੇਕੇਦਾਰ, ਰਕੇਸ਼ ਕੁਮਾਰ, ਅਰੁਣ ਘਈ, ਸੁਖਦੇਵ ਕੁਮਾਰ, ਬਲਜੀਤ ਕੁਮਾਰ, ਪ੍ਰਕਾਸ਼ ਚੰਦ ਬੈਂਸ, ਰਵਿੰਦਰ ਮਹਿਮੀ ਸੀਨੀਅਰ ਬਸਪਾ ਆਗੂ, ਹਰਮੇਸ਼ ਕੁਮਾਰ, ਮੀਨਾ ਕੁਮਾਰੀ (ਪ੍ਰਧਾਨ), ਦੀਪਕ ਘਈ, ਪਰਮਜੀਤ ਮਹਿਰਮਪੁਰੀ, ਮਦਨ ਢੋਲੀ, ਨਿਰਮਲ ਟੇਲਰ ਮਾਸਟਰ, ਮਲਕੀਤ ਮਾਸਟਰ, ਨਿਰਮਲ ਕੁਮਾਰ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ |