ਸੜੋਆ, 19 ਅਪ੍ਰੈਲ (ਹਰਮੇਲ ਸਹੂੰਗੜਾ)-ਸਰਕਾਰ ਬਿਜਲੀ ਨੂੰ ਲੈ ਕੇ ਬਹੁਤ ਲੰਬੇ-ਲੰਬੇ ਬਿਆਨ ਦਾਗ ਰਹੀ ਹੈ ਕਿ ਪਿੰਡਾਂ 'ਚ ਬਿਜਲੀ ਦੀ ਸਪਲਾਈ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ | ਇਹਨਾਂ ਬਿਆਨਾਂ ਤੋਂ ਤੰਗ ਹੋ ਕੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਸਵੇਰੇ ਉੱਠਣ ਤੋਂ ਪਹਿਲਾਂ ਦੋ-ਦੋ ਘੰਟੇ ਬਿਜਲੀ ਦੇ ਕੱਟ ਲੱਗ ਜਾਂਦੇ ਹਨ, ਜਿਸ ਨਾਲ ਘਰਾਂ ਦੇ ਕੰਮ-ਕਾਜ ਠੱਪ ਹੋ ਜਾਂਦੇ ਹਨ | ਪਿੰਡਾਂ ਦੀਆਂ ਔਰਤਾਂ ਵੱਲੋਂ ਸਵੇਰੇ ਉੱਠ ਕੇ ਧਾਰਾ ਚੋਣੀਆਂ, ਬੱਚਿਆਂ ਨੂੰ ਸਕੂਲ ਭੇਜਣਾ, ਸਿਲਾਈ-ਕਿਢਾਈ ਦੇ ਇਹ ਸਾਰੇ ਕੰਮ ਬਿਜਲੀ 'ਤੇ ਹੇ ਨਿਰਭਰ ਹੁੰਦੇ ਹਨ | ਜਦੋਂ ਸ਼ਾਮ ਪੈਂਦੀ ਹੈ ਉਸ ਵੇਲੇ ਵੀ ਪਿੰਡਾਂ ਵਿੱਚ ਬਿਜਲੀ ਗੁੱਲ ਹੋ ਜਾਂਦੀ ਹੈ | ਸ਼ਾਮ ਦੀ ਰੋਟੀ ਖਾਣ ਵੇਲੇ ਹਰ ਰੋਜ਼ ਬਿਜਲੀ ਦੇ ਕੱਟ ਲੱਗਣ ਕਰਕੇ ਲੱਕਾਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ | ਜੇ ਕਿਤੇ ਤੇਜ਼ ਹਨੇਰੀ ਆ ਜਾਵੇ ਤਾਂ ਫਿਰ ਤਾਂ ਸਾਰੀ ਰਾਤ ਬਿਜਲੀ ਗੁੱਲ ਰਹਿੰਦੀ ਹੈ | ਜਿਸ ਨਾਲ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਖਾਲੀ ਤੇ ਬਿਜਲੀ ਨਾ ਆਉਣ ਕਰਕੇ ਪਾਣੀ ਦੀ ਸਪਲਾਈ ਵੀ ਠੱਪ ਹੋ ਜਾਂਦੀ ਹੈ ਅਤੇ ਰਾਤ ਨੂੰ ਸਾਰੀ ਰਾਤ ਮੱਛਰ ਲੜਦਾ ਰਹਿੰਦਾ ਹੈ | ਇਸ ਬਾਰੇ ਦੁਆਬਾ ਕਿਸਾਨ ਯੂਨੀਅਨ ਦੇ ਵਿੱਤ ਸਕੱਤਰ ਕੁਲਦੀਪ ਸਿੰਘ ਦਿਆਲਾ, ਚੌਧਰੀ ਸੁਖਵਿੰਦਰ ਸਿੰਘ ਸੜੋਆ, ਸੰਮਤੀ ਮੈਂਬਰ ਸ਼ਾਮ ਲਾਲ ਅਤੇ ਹੋਰ ਸਮਾਜ ਸੇਵੀ ਆਗੂਆਂ ਨੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਲੱਗਣ ਵਾਲੇ ਬਿਜਲੀ ਦੇ ਲੰਮੇ ਕੱਟਾਂ ਤੋਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਦਵਾਇਆ ਜਾਵੇ |