ਕਟਾਰੀਆਂ, 21 ਅਪ੍ਰੈਲ (ਪ੍ਰੇਮੀ ਸੰਧਵਾਂ)-ਮਾਰਕੀਟ ਕਮੇਟੀ ਬੰਗਾ ਦੇ ਸਾਬਕਾ ਉਪ ਚੇਅਰਮੈਨ ਬਲਦੇਵ ਸਿੰਘ ਮਕਸੂਦਪੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਵਲੋਂ ਆਪਣੀ ਔਲਾਦ ਨਾਲੋਂ ਵੀ ਵੱਧ ਪਿਆਰ ਕਰਕੇ ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚ ਪਿਛਲੇ ਕਈ ਦਿਨਾਂ ਤੋਂ ਵੇਚੀ ਗਈ ਕਣਕ ਦੀ ਫਸਲ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਦੇ ਬੱਦਲ ਛਾਏ ਹੋਏ ਹਨ | ਕਿਉਂਕਿ ਕੰਬਾਇਨਾਂ ਵਾਲੇ ਕਣਕ ਦੀ ਕੀਤੀ ਕਟਾਈ ਦੀ ਮਿਹਨਤ ਮੰਗ ਰਹੇ ਹਨ | ਪਰ ਕਿਸਾਨ ਬੇਵਸ ਹੋਇਆ ਉਨ੍ਹਾਂ ਨੂੰ ਕਣਕ ਦੀ ਕਟਾਈ ਦੀ ਪੇਮੈਂਟ ਨਹੀਂ ਦੇ ਸਕਦਾ, ਕਿਉਂਕਿ ਜੇਕਰ ਕਿਸਾਨਾਂ ਨੂੰ ਕਣਕ ਦੀ ਵੇਚੀ ਫਸਲ ਦੀ ਅਦਾਇਗੀ ਹੋਵੇਗੀ ਤਾਂ ਹੀ ਕਿਸਾਨ ਆਪਣੇ ਸਿਰ ਚੜ੍ਹੇ ਕਰਜੇ ਦੇ ਭਾਰ ਨੂੰ ਕੁੱਝ ਹੱਤ ਤੱਕ ਹਲਕਾ ਕਰ ਸਕਦਾ ਹੈ | ਪਰ ਸਰਕਾਰ ਵਲੋਂ ਕਿਸਾਨਾਂ ਨੂੰ ਵੇਚੀ ਗਈ ਕਣਕ ਦੀ ਅਦਾਇਗੀ ਨਾ ਹੋਣ ਦੇ ਪਛਤਾਵੇ ਨੇ ਡੂੰਘੇ 'ਤੇ ਉਦਾਸੀ ਦੇ ਚੱਕਰਾਂ ਵਿੱਚ ਡੋਬ ਦਿੱਤਾ ਹੈ | ਜਿਸ ਕਾਰਨ ਕਿਸਾਨ ਭਰਾਵਾਂ ਨੂੰ ਕਈ ਤਰ੍ਹਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀ ਦੇ ਮਜ਼ਦੂਰਾਂ ਨੇ ਮਕਸੂਦਪੁਰ-ਸੂੰਢ ਦੀ ਮੰਡੀ ਵਿਚੋਂ ਕਣਕ ਦੀ ਚੁਕਾਈ ਨਾ ਸ਼ੁਰੂ ਹੋਣ ਦੇ ਬਦਲੇ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਕਰਨ ਦਾ ਮਨ ਬਣਾਇਆ ਹੋਇਆ ਹੈ | ਕਿਸਾਨ ਆਗੂ ਬਲਦੇਵ ਸਿੰਘ ਮਕਸੂਦਪੁਰ, ਹਰਭਜਨ ਸਿੰਘ ਭਰੋਲੀ, ਸਤਪਾਲ ਅਰੋੜਾ ਆਦਿ ਕਿਸਾਨਾਂ ਤੋਂ ਇਲਾਵਾ ਆੜਤੀਆਂ ਅਤੇ ਮਜ਼ਦੂਰਾਂ ਨੇ ਕਿਹਾ ਕਿ ਜੇਕਰ ਮਕਸੂਦਪੁਰ ਮੰਡੀ ਵਿਚੋਂ ਕਣਕ ਦੀ ਚੁਕਾਈ ਦਾ ਕੰਮ ਤੇਜ਼ ਨਾ ਹੋਇਆ ਤਾਂ ਉਹ ਸੰਘਰਸ਼ ਕਰਨਗੇ |
ਮਕਸੂਦਪੁਰ-ਸੂੰਢ ਮੰਡੀ 'ਚ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਤੇ ਬੋਰੀਆਂ ਦੇ ਲੱਗੇ ਅੰਬਾਰਾਂ ਦੀ ਚੁਕਾਈ ਨਾ ਹੋਣ ਕਾਰਨ ਕਿਸਾਨ ਤੇ ਮਜ਼ਦੂਰ ਉਦਾਸੀ ਦੇ ਆਲਮ 'ਚ ਘਿਰਿਆ - ਮਕਸੂਦਪੁਰ <br/>
ਅਜੀਤ ਡੈਸਕ
22-04-2026