ਨਵਾਂਸ਼ਹਿਰ, 21 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਿਊ ਆਟੋ ਵਰਕਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਨਵਾਂਸ਼ਹਿਰ ਵਿਖੇ ਹੋਈ ਜਿਸ ਵਿੱਚ ਆਟੋ ਵਰਕਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ ਤਰਨਜੀਤ, ਗੁਰਪ੍ਰੀਤ ਗੋਪੀ, ਬਲਵੀਰ ਸਿੰਘ, ਦੇਸ ਰਾਜ, ਰਾਜੇਸ਼ ਕੁਮਾਰ ਰਹੋ, ਜੀਤ ਰਾਮ ਰਾਹੋਂ ਨੇ ਸੰਬੋਧਨ ਕੀਤਾ | ਆਗੂਆਂ ਨੇ ਕਿਹਾ ਕਿ ਜੇਕਰ ਆਰ. ਟੀ. ਓ ਨਵਾਂਸ਼ਹਿਰ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤਾਂ ਉਹਨਾਂ ਦੀ ਯੂਨੀਅਨ ਤਿੱਖਾ ਸੰਘਰਸ਼ ਕਰੇਗੀ | ਰਾਹੋਂ ਵਿਖੇ ਮਿੰਨੀ ਬੱਸਾਂ ਵਾਲਿਆਂ ਵੱਲੋਂ ਰਾਹੋਂ ਦੇ ਆਟੋ ਵਰਕਰਾਂ ਨੂੰ ਖੱਜਲ ਖੁਆਰ ਕਰਨ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੱਸ ਮਾਲਕਾਂ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ | ਉਹਨਾਂ ਕਿਹਾ ਕਿ ਆਟੋ ਵਰਕਰ ਮਿਹਨਤ ਕਰਕੇ ਆਪਣਾ ਰੁਜ਼ਗਾਰ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ ਅਤੇ ਉਹ ਹਰ ਹਾਲਤ ਵਿੱਚ ਆਪਣੇ ਕਿੱਤੇ ਦੀ ਰਾਖੀ ਕਰਨਗੇ |