ਟੱਪਰੀਆਂ ਖੁਰਦ, 21 ਅਪ੍ਰੈਲ (ਬੂਥਗੜ੍ਹੀਆ) - ਪਿੰਡ ਭੂਰੀਵਾਲੇ ਮਾਲੇਵਾਲ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੀ ਹੋਣਹਾਰ ਧੀ ਵਿਸ਼ਾਲੀ, ਸਪੁੱਤਰੀ ਵਿੱਕੀ ਕਟਾਰੀਆ, ਨੇ ਸੀ.ਬੀ.ਐਸ.ਈ ਦੀ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ 95 ਫੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ | ਵਿਸ਼ਾਲੀ ਦੀ ਇਸ ਉਪਲਬਧੀ ਨਾਲ ਨਾ ਸਿਰਫ ਉਸਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਸਗੋਂ ਪੂਰੇ ਪਿੰਡ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਹੋਇਆ ਹੈ | ਇਸ ਮੌਕੇ ਪਿੰਡ ਦੇ ਸਰਪੰਚ ਰਾਮ ਸਰੂਪ ਭੂੰਬਲਾ ਨੇ ਵਿਸ਼ਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੀ ਧੀ ਨੇ ਮਿਹਨਤ ਅਤੇ ਲਗਨ ਨਾਲ ਇਹ ਮੁਕਾਮ ਹਾਸਲ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਨੇਕ ਹੋਣ ਤਾਂ ਮੰਜ਼ਿਲਾਂ ਦੂਰ ਨਹੀਂ ਹੁੰਦੀਆਂ | ਸਰਪੰਚ ਰਾਮ ਸਰੂਪ ਭੂੰਬਲਾ, ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਵਿਸ਼ਾਲੀ ਅਤੇ ਉਸਦੇ ਮਾਪਿਆਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਦਿਲੋਂ ਮੁਬਾਰਕਬਾਦ ਦਿੱਤੀ |