ਜਾਡਲਾ, 8 ਮਈ (ਹਰਕੰਵਲ ਸਿੰਘ ਕੌਲਗੜ੍ਹ)-ਬਲਾਚੌਰ ਸਬ-ਡਵੀਜ਼ਨ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕੁਝ ਮਹੀਨੇ ਪਹਿਲਾਂ ਪਿੰਡ ਚਣਕੌਆ ਤੋਂ ਆਕਲਿਆਣੇ ਤੱਕ ਨਵੀਂ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ | ਪ੍ਰਾਜੈਕਟ ਮੁਤਾਬਿਕ ਕੁੱਝ ਕਿਲੋਮੀਟਰ ਹਿੱਸਾ ਕੰਕਰੀਟ ਦਾ ਬਣਾਇਆ ਜਾਣਾ ਸੀ ਤੇ ਬਾਕੀ ਹਿੱਸੇ 'ਤੇ ਲੁੱਕ ਤੇ ਬੱਜਰੀ ਪਾ ਕੇ ਪੱਕੀ ਸੜਕ ਤਿਆਰ ਹੋਣੀ ਸੀ | ਇਲਾਕਾ ਵਾਸੀਆਂ ਮੁਤਾਬਕ ਸੀਮਿੰਟ ਦੀ ਸੜਕ ਤਾਂ ਬਣਾ ਦਿੱਤੀ ਗਈ, ਪਰ ਉਸ ਦੇ ਆਲੇ-ਦੁਆਲੇ ਦੇ ਬਰਮ ਅਜੇ ਤੱਕ ਨਹੀਂ ਭਰੇ ਗਏ | ਬਰਮ ਨਾ ਭਰੇ ਹੋਣ ਕਾਰਨ ਸੜਕ ਤੋਂ ਥੱਲੇ ਉਤਰਦਿਆਂ ਹੀ ਵਾਹਨ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਪਿੰਡ ਕੌਲਗੜ੍ਹ ਦੇ ਵਿਚਕਾਰ ਕੁਝ ਹਿੱਸੇ 'ਤੇ ਕੰਕਰੀਟ ਪੈਣੀ ਹੈ ਜਿਸ ਲਈ ਪ੍ਰਸ਼ਾਸਨ ਨੂੰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਅਜੇ ਉਸ ਦੀ ਸ਼ੁਰੂਆਤ ਨਹੀਂ ਹੋਈ | ਕੌਲਗੜ੍ਹ ਵਾਸੀ ਸੁਖਵਿੰਦਰ ਸਿੰਘ ਘਣਗਸ ਦਾ ਕਹਿਣਾ ਹੈ ਕਿ ਸੜਕ ਤਾਂ ਪਤਾ ਨਹੀਂ ਕਦੋਂ ਬਣਨੀ ਪਰ ਜੋ ਅਸੀਂ ਆਪਣੀ ਨਿੱਜੀ ਖਰਚੇ 'ਤੇ ਘਰ ਤੋਂ ਬਾਹਰ ਸੜਕ ਤੱਕ ਦਾ ਹਿੱਸਾ ਬਜਰੀ ਨਾਲ ਬਣਾਇਆ ਹੋਇਆ ਸੀ ਉਸ ਨੂੰ ਵੀ ਜਲ ਸਪਲਾਈ ਵਿਭਾਗ ਨੇ ਪਾਈਪਾਂ ਪਾਉਣ ਸਮੇਂ ਪੁੱਟ ਦਿੱਤਾ | ਉਨ੍ਹਾਂ ਨੇ ਮੰਗ ਕੀਤੀ ਕਿ ਜੋ ਜਲ ਸਪਲਾਈ ਵਿਭਾਗ ਨੇ ਖਰੂਦ ਪਾਇਆ, ਉਸ ਨੂੰ ਕੰਕਰੀਟ ਦੀ ਸੜਕ ਬਣਾਉਣ ਸਮੇਂ, ਉਹ ਬਰਮ ਵੀ ਪੂਰੇ ਕੀਤੇ ਜਾਣ | ਇਸੇ ਤਰ੍ਹਾਂ ਰੁੜਕੀ ਕਲਾਂ ਤੋਂ ਕੌਲਗੜ੍ਹ ਪਿੰਡ ਨੂੰ ਜਾਂਦੀ ਸੜਕ ਦਾ ਕੰਮ ਵੀ ਬੁਰੀ ਤਰ੍ਹਾਂ ਲਟਕਿਆ ਹੋਇਆ ਹੈ | ਇਸ ਸੜਕ 'ਤੇ ਕਾਫ਼ੀ ਸਮਾਂ ਪਹਿਲਾਂ ਪੱਥਰ ਤਾਂ ਵਿਛਾ ਦਿੱਤਾ ਗਿਆ, ਪਰ ਉਸ ਉੱਪਰ ਲੁੱਕ ਪਾਉਣ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ | ਖਿੱਲਰੇ ਪੱਥਰਾ ਉੱਪਰੋਂ ਵਾਹਨ ਚਲਾਉਣੇ ਔਖੇ ਹੋ ਗਏ ਹਨ | ਇਸੇ ਤਰ੍ਹਾਂ ਪਿੰਡ ਘਮੌਰ ਤੋਂ ਕੌਲਗੜ੍ਹ ਨੂੰ ਆਉਂਦੇ ਲਿੰਕ ਰੋਡ 'ਤੇ ਪੈਂਦੇ ਕੌਲਗੜ੍ਹ ਚੋਅ ਦਾ 150 ਮੀਟਰ ਦਾ ਟੋਟਾ ਅਧੂਰਾ ਪਿਆ ਹੈ, ਜਿਸ 'ਤੇ ਪਏ ਪੱਥਰ ਹਾਦਸੇ ਦਾ ਕਾਰਨ ਬਣ ਰਹੇ ਹਨ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਸੜਕਾਂ ਸਬ-ਡਵੀਜ਼ਨ ਬਲਾਚੌਰ ਨੂੰ ਜੋੜਦੀਆਂ ਹਨ | ਕਚਹਿਰੀ, ਤਹਿਸੀਲ, ਹਸਪਤਾਲ ਜਾਂ ਹੋਰ ਸਰਕਾਰੀ ਕੰਮਾਂ ਲਈ ਰੋਜ਼ਾਨਾ ਬਲਾਚੌਰ ਜਾਣਾ ਪੈਂਦਾ ਹੈ | ਸੜਕਾਂ ਖਸਤਾ ਹਾਲਤ 'ਚ ਹੋਣ ਕਾਰਨ ਸਮਾਂ ਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ | ਕਾਮਰੇਡ ਭੁਪਿੰਦਰ ਸਿੰਘ ਕੌਲਗੜ੍ਹ ਤਹਿਸੀਲ ਸਕੱਤਰ ਬਲਾਚੌਰ, ਸਰਪੰਚ ਗੁਰਦੇਵ ਸਿੰਘ ਸ਼ੇਤਰਾ, ਨੰਬਰਦਾਰ ਭਗਤ ਸਿੰਘ, ਬੇਬਾਕ ਤੇ ਨਿਧੜਕ ਮੁਲਾਜ਼ਮ ਤੇ ਕਿਸਾਨ ਆਗੂ ਬਹਾਦਰ ਸਿੰਘ ਕੌਲਗੜ੍ਹ, ਕਿਸਾਨ ਆਗੂ ਮਾਸਟਰ ਤਾਰਾ ਸਿੰਘ ਅਤੇ ਪੰਚਾਇਤ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਧੂਰੇ ਪਏ ਸੜਕਾਂ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ |
ਚਣਕੋਆ ਤੋਂ ਆਕਲਿਆਣੇ ਤੇ ਰੁੜਕੀ ਕਲਾਂ ਤੋਂ ਕੌਲਗੜ੍ਹ ਸੜਕਾਂ ਦਾ ਕੰਮ ਵਿਚਕਾਰ ਲਟਕਿਆ, ਲੋਕ ਪ੍ਰੇਸ਼ਾਨ
ਅਜੀਤ ਡੈਸਕ
09-05-2026