ਗੁਣਾਚੌਰ, 8 ਮਈ (ਅਮਰੀਕ ਕਟਾਰੀਆ)-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਰਾਜਾਂ 'ਚ ਲਾਵਾਰਸ ਕੁੱਤਿਆਂ ਦੀ ਸਮੱਸਿਆ ਸੰਬੰਧੀ ਲੋਕ ਚਿੰਤਤ ਹਨ ਪਰ ਇਸ ਸਮੱਸਿਆ ਦੇ ਹੱਲ ਲਈ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਦਰਵਾਜੇ ਖੜਕਾਉਣ ਤੋਂ ਬਾਅਦ ਵੀ ਕੋਈ ਹੱਲ ਨਜ਼ਰ ਨਹੀਂ ਆ ਰਿਹਾ | ਲਾਵਾਰਸ ਕੁੱਤਿਆਂ ਦੀ ਭਰਮਾਰ ਦਿਨੋ ਦਿਨ ਵੱਧਦੀ ਜਾ ਰਹੀ ਹੈ | ਲਾਵਾਰਸ ਕੁੱਤੇ ਜੋ 15-20 ਦੀ ਗਿਣਤੀ ਵਿਚ ਝੁੰਡ ਬਣਾ ਕੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਤੁਰੇ ਫਿਰਦੇ ਹਨ | ਪਤਾ ਨਹੀਂ ਕਦੋਂ ਕਿਸ ਨੂੰ ਆਪਣਾ ਸ਼ਿਕਾਰ ਬਣਾ ਲੈਣ ਤੇ ਕਿਸੇ ਦੀ ਕੀਮਤੀ ਜਾਨ ਲੈ ਲੈਣ, ਖਾਸ ਕਰ ਬੱਚਿਆਂ ਤੇ ਬਜ਼ੁਰਗਾਂ ਨੂੰ ਇਹ ਕੁੱਤੇ ਆਪਣਾ ਸ਼ਿਕਾਰ ਬਣਾ ਲੈਂਦੇ ਹਨ ਅਤੇ ਫਿਰ ਨੋਚ-ਨੋਚ ਕੇ ਖਾ ਜਾਂਦੇ ਹਨ ਪਰ ਫਿਰ ਵੀ ਸਰਕਾਰਾਂ ਨੂੰ ਮਨੁੱਖੀ ਜਾਨਾਂ ਉੱਪਰ ਕੋਈ ਰਹਿਮ ਜਾਂ ਤਰਸ ਨਹੀਂ ਆ ਰਿਹਾ | ਸੁਪਰੀਮ ਕੋਰਟ ਨੇ ਆਪਣੇ ਅਹਿਮ ਫੈਸਲਿਆਂ ਵਿਚ ਪੰਜਾਬ ਸਰਕਾਰ ਤੋਂ ਬਿਨਾਂ ਹੋਰ ਵੀ ਕਈ ਰਾਜਾਂ ਨੂੰ ਫਿਟਕਾਰਾਂ ਪਾਉਂਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਸਿਰਫ ਹਵਾ 'ਚ ਮਹਿਲ ਉਸਾਰ ਰਹੇ ਹੋ, ਤੁਸੀਂ ਸਿਰਫ ਗੱਲਾਂ ਨਾਲ ਹੀ ਸਾਰੀ ਜਾ ਰਹੇ ਹੋ, ਜਮੀਨੀ ਪੱਧਰ 'ਤੇ ਤੁਸੀਂ ਲਾਵਾਰਸ ਕੁੱਤਿਆਂ ਸੰਬੰਧੀ ਕੋਈ ਵੀ ਕੰਮ ਨਹੀਂ ਕੀਤਾ | ਹੁਸ਼ਿਆਰਪੁਰ ਦੇ ਇਕ ਬੱਚੇ ਨੂੰ ਲਾਵਾਰਸ ਕੁੱਤਿਆਂ ਵਲੋਂ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਪਰ ਫਿਰ ਵੀ ਇਨ੍ਹਾਂ ਲਾਵਾਰਸ ਕੁੱਤਿਆਂ ਦੇ ਹੱਲ ਸੰਬੰਧੀ ਕੋਈ ਢੁੱਕਵਾਂ ਪ੍ਰਬੰਧ ਪੰਜਾਬ 'ਚ ਕਿਧਰੇ ਵੀ ਨਜ਼ਰ ਨਹੀਂ ਆ ਰਿਹਾ | ਸੁਪਰੀਮ ਕੋਰਟ ਨੇ ਹਾਈ ਕੋਰਟ ਵਿਚ ਇਸ ਸੰਬੰਧੀ ਚੱਲ ਰਹੇ ਸਾਰੇ ਫੈਸਲੇ ਆਪਣੇ ਅਧੀਨ ਲੈ ਲਏ ਹਨ | ਉਨ੍ਹਾਂ ਰਾਜਾਂ ਨੂੰ ਹੁਕਮ ਕੀਤਾ ਹੈ ਕਿ ਇਨ੍ਹਾਂ ਲਾਵਾਰਸ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਕੀਤਾ ਜਾਵੇ | 29 ਜਨਵਰੀ 2026 ਨੂੰ ਸੁਪਰੀਮ ਕੋਰਟ ਨੇ ਆਪਣਾ ਪੁਰਾਣਾ ਫੈਸਲਾ ਬਦਲਦਿਆਂ ਖਾਸ ਕਰ ਪੰਜਾਬ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ, ਬੱਸ ਅੱਡੇ, ਰੇਲਵੇ ਸਟੇਸ਼ਨਾਂ ਤੇ ਹੋਰ ਜਨਤਕ ਥਾਵਾਂ ਤੋਂ ਬਿਨਾਂ ਨੈਸ਼ਨਲ ਹਾਈਵੇ ਤੋਂ ਲਾਵਾਰਸ ਕੁੱਤਿਆਂ ਨੂੰ ਹਟਾਉਣ ਦਾ ਪ੍ਰਬੰਧ ਕੀਤਾ ਜਾਵੇ | ਇਨ੍ਹਾਂ ਥਾਵਾਂ 'ਤੇ ਲਾਵਾਰਸ ਕੁੱਤੇ ਕਿਸੇ ਵੀ ਹਾਲਤ ਵਿਚ ਨਹੀਂ ਹੋਣੇ ਚਾਹੀਦੇ | ਸੁਪਰੀਮ ਕੋਰਟ ਨੇ ਇਥੋਂ ਤੱਕ ਕਿਹਾ ਕਿ ਲਾਵਾਰਸ ਕੁੱਤਿਆਂ ਤੋਂ ਬਿਨਾਂ ਜਿਹੜੇ ਕੁੱਤੇ ਮਾਲਕਾਂ ਦੇ ਰੱਖੇ ਹੋਏ ਹਨ ਜੇਕਰ ਉਹ ਕਿਸੇ ਬੱਚੇ ਜਾਂ ਵੱਡੇ ਇਨਸਾਨ ਉੱਪਰ ਹਮਲਾ ਕਰਦੇ ਹਨ ਤਾਂ ਉਸ ਮਾਲਕ ਨੂੰ ਵੱਡਾ ਜੁਰਮਾਨਾ ਦੇਣਾ ਪਵੇਗਾ ਪਰ ਇਸ ਦੇ ਬਾਵਜੂਦ ਪੰਜਾਬ ਦੇ ਕਸਬਿਆਂ, ਸ਼ਹਿਰਾਂ ਤੇ ਖਾਸ ਕਰ ਪਿੰਡਾਂ ਵਿਚ ਲਾਵਾਰਸ ਕੁੱਤਿਆਂ ਦੇ ਝੁੰਡ ਆਮ ਦੇਖਣ ਨੂੰ ਮਿਲਦੇ ਹਨ | ਸੋ ਆਮ ਲੋਕਾਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸੰਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਉੱਪਰ ਗੌਰ ਕਰਨੀ ਚਾਹੀਦੀ ਹੈ |
ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਵੀ ਲਾਵਾਰਸ ਕੁੱਤਿਆਂ ਦੀ ਸਮੱਸਿਆ ਦਾ ਕੋਈ ਨਹੀਂ ਹੋ ਰਿਹਾ ਹੱਲ
ਅਜੀਤ ਡੈਸਕ
09-05-2026