ਸੜੋਆ/ਪੋਜੇਵਾਲ, 8 ਮਈ (ਸਹੂੰਗੜਾ, ਨਵਾਂਗਰਾਈ)-ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਦੇ ਵਰਤਮਾਨ ਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸੁਆਮੀ ਚੇਤਨਾ ਨੰਦ ਮਹਾਂਪੁਰਸ਼ ਭੂਰੀ ਵਾਲਿਆਂ ਨੇ ਬ੍ਰਹਮ ਨਿਵਾਸ ਆਸ਼ਰਮ ਸੜੋਆ ਵਿਖੇ ਸਾਲਾਨਾ ਆਰੰਭ ਪਾਠ ਦੇ ਭੋਗ ਪਾਏ | ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਉਨ੍ਹਾਂ ਕਿਹਾ ਕਿ ਨਾਮ ਸ਼ਬਦ ਦੇ ਸਿਮਰਨ ਨਾਲ ਹੀ ਮਨੁੱਖੀ ਜਾਮਾ ਸਫਲ ਹੋਵੇਗਾ, ਗੁਰ ਸ਼ਬਦ ਹੀ ਗੁਰੂ ਦਾ ਅਸਲੀ ਸਰੂਪ ਹੈ | ਵੇਦਾਂਤ ਅਚਾਰੀਆ ਨੇ ਕਿਹਾ ਕਿ ਗੁਰੂ ਸ਼ਬਦ ਨਾਮ ਦੀ ਪ੍ਰਾਪਤੀ ਕਰਕੇ ਗੁਰੂ ਸ਼ਬਦ ਦਾ ਵੱਧ ਤੋਂ ਵੱਧ ਸਿਮਰਨ ਕਰਨਾ ਚਾਹੀਦਾ ਹੈ ਆਪਣੇ ਸਮਾਜਿਕ ਫਰਜ਼ ਨਿਭਾਉਣ ਦੇ ਨਾਲ-ਨਾਲ ਸਵਾਸਾਂ ਦਾ ਦਸਵੰਧ ਨਾਮ ਸਿਮਰਨ ਕਰਨਾ ਹੀ ਮਨੁੱਖੀ ਜਾਮੇ ਦਾ ਅਸਲੀ ਮਨੋਰਥ ਹੈ | ਨਾਮ ਦਾ ਸਿਮਰਨ ਕਰਨ ਵਾਲੇ ਇਨਸਾਨ ਨੂੰ ਸੰਸਾਰ ਦਾ ਹਰ ਪ੍ਰਾਣੀ ਆਪਣਾ ਹੀ ਲੱਗਦਾ ਹੈ ਭਾਵ ਰਾਗ ਦਵੇਸ਼ ਦੀ ਭਾਵਨਾ ਦੂਰ ਹੋ ਜਾਂਦੀ ਹੈ | ਸੁਆਮੀ ਚੇਤਨਾ ਨੰਦ ਨੇ ਸੰਗਤਾਂ ਨੂੰ ਕਿਹਾ ਕਿ ਸੰਸਾਰ ਵਿਚ ਸਭ ਤੋਂ ਵੱਡਾ ਰੋਗ ਹੀ ਰਾਗ ਅਤੇ ਦਵੇਸ਼ ਦਾ ਹੈ ਨਾਮ ਦੀ ਕਮਾਈ ਕਰਨ ਨਾਲ ਜਿਥੇ ਭਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਭਾਵ ਜਨਮ ਮਰਨ ਤੋਂ ਛੁਟਕਾਰਾ ਮਿਲਦਾ ਹੈ ਨਾਲ ਹੀ ਸ਼ੁਭ ਕਰਮਾਂ ਦਾ ਸੰਗ੍ਰਹਿ ਵੀ ਇਕੱਤਰ ਹੋ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕਰਮ ਦੋ ਪ੍ਰਕਾਰ ਦੇ ਹੁੰਦੇ ਹਨ ਸ਼ੁਭ ਤੇ ਅਸ਼ੁਭ | ਸ਼ੁਭ ਕਰਮਾਂ ਦਾ ਫਲ ਸੁਖ ਰੂਪ ਵਿਚ ਅਤੇ ਅਸ਼ੁਭ ਕਰਮਾਂ ਦਾ ਫਲ ਦੁੱਖ ਰੂਪ ਵਿਚ ਪ੍ਰਾਪਤ ਹੋਣਾ ਹੈ | ਇਸ ਲਈ ਸੁੱਖ ਦੀ ਪ੍ਰਾਪਤੀ ਲਈ ਸ਼ੁਭ ਕਰਮ ਹੀ ਕਰਨੇ ਚਾਹੀਦੇ ਹਨ | ਇਸ ਮੌਕੇ ਹਵਨ ਯੱਗ ਵੀ ਕਰਵਾਏ ਤੇ ਲੰਗਰ ਵੀ ਅਤੁੱਟ ਵਰਤਾਇਆ ਗਿਆ |