ਕਾਠਗੜ੍ਹ, 8 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਸਰਬਪੱਖੀ ਵਿਕਾਸ ਦੀ ਲੜੀ ਨੂੰ ਅੱਗੇ ਤੋਰਦਿਆਂ, ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਪਿੰਡ ਚਾਹਲ ਜੱਟਾਂ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਪਿੰਡ ਵਾਸੀਆਂ ਵਲੋਂ ਵਿਧਾਇਕ ਕਟਾਰੀਆ ਦਾ ਨਿੱਘਾ ਸਵਾਗਤ ਕੀਤਾ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਨ੍ਹਾਂ ਦੱਸਿਆ ਕਿ ਪਿੰਡ ਚਾਹਲ ਦੇ ਵਿਕਾਸ ਲਈ ਖਰਚੇ ਗਏ ਇਹ 22 ਲੱਖ ਰੁਪਏ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੇ, ਜਿਸ ਵਿੱਚ ਗਲੀਆਂ ਨਾਲਿਆਂ, ਛਪੜ ਤੇ ਪਾਰਕ ਦਾ ਨਿਰਮਾਣ ਅਤੇ ਹੋਰ ਸਾਂਝੇ ਕੰਮ ਸ਼ਾਮਿਲ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਕਿਸੇ ਵੀ ਪਿੰਡ ਨੂੰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਸਮਾਗਮ ਵਿਚ ਮੌਜੂਦ ਸੀਨੀਅਰ ਆਮ ਆਦਮੀ ਪਾਰਟੀ ਆਗੂ ਅਸ਼ੋਕ ਕਟਾਰੀਆ ਨੇ ਪਿਛਲੀਆਂ ਸਰਕਾਰਾਂ 'ਤੇ ਤੰਜ ਕੱਸਦਿਆਂ ਕਿਹਾ ਕਿ ਪੁਰਾਣੀਆਂ ਪਾਰਟੀਆਂ ਨੇ ਸਿਰਫ਼ ਲਾਰਿਆਂ ਨਾਲ ਲੋਕਾਂ ਨੂੰ ਗੁਮਰਾਹ ਕੀਤਾ ਸੀ | ਉਨ੍ਹਾਂ ਕਿਹਾ ਸਾਡੀ ਸਰਕਾਰ ਗੱਲਾਂ ਵਿਚ ਨਹੀਂ, ਸਗੋਂ ਧਰਾਤਲ 'ਤੇ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ | ਅੱਜ ਪਿੰਡ ਚਾਹਲ ਜੱਟਾਂ ਵਿਚ ਹੋਇਆ ਉਦਘਾਟਨ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਇਕ-ਇਕ ਪੈਸਾ ਪੂਰੀ ਇਮਾਨਦਾਰੀ ਨਾਲ ਉਨ੍ਹਾਂ ਦੀ ਸਹੂਲਤ ਲਈ ਖਰਚਿਆ ਜਾ ਰਿਹਾ ਹੈ | ਪਿੰਡ ਦੀ ਪੰਚਾਇਤ ਤੇ ਇਲਾਕੇ ਦੇ ਮੁਹਤਬਰਾਂ ਨੇ ਵਿਧਾਇਕ ਸੰਤੋਸ਼ ਕਟਾਰੀਆ ਤੇ ਅਸ਼ੋਕ ਕਟਾਰੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਹਰਵਿੰਦਰ ਸਿੰਘ ਸਰਪੰਚ, ਵਿਦਿਆ ਸਾਗਰ, ਮੋਹਣ ਸਿੰਘ ਸੂਬੇਦਾਰ, ਨਿਰਮਲ ਸਿੰਘ, ਦੀਪਾ ਫੌਜੀ, ਨਿਰਮਲ ਸਿੰਘ ਹਰਦੀਪ ਸਿੰਘ ਫੌਜੀ, ਭਿੰਦਾ ਪਾਰਟੀ ਦੇ ਹੋਰ ਅਹੁਦੇਦਾਰ, ਪੰਚ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਹਾਜ਼ਰ ਸਨ |