ਸਮੁੰਦੜਾ, 8 ਮਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਚੋਰਾਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਬੰਦ ਪਏ ਦੋ ਘਰਾਂ 'ਚੋਂ ਕੀਮਤੀ ਸਾਮਾਨ ਚੋਰੀ ਕਰ ਲਏ ਜਾਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਹਰਭਜਨ ਸਿੰਘ ਭੱਠਲ ਪੁੱਤਰ ਮਿਲਖਾ ਸਿੰਘ ਵਾਸੀ ਚੱਕ ਗੁਰੂ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਬੀਤੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਵਿਦੇਸ਼ ਵਿਚ ਰਹਿ ਰਹੇ ਹਨ | ਅੱਜ ਦਿਨੇ ਹੀ ਉਨ੍ਹਾਂ ਦੇ ਗੁਆਂਢੀਆਂ ਨੂੰ ਘਰ ਅੰਦਰੋਂ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਅਤੇ ਜਦੋਂ ਨੇੜਲੇ ਘਰਾਂ ਵਾਲਿਆਂ ਨੇ ਅੰਦਰ ਜਾ ਕੇ ਵੇਖਿਆ ਤਾਂ ਘਰ ਦੇ ਅੰਦਰਲਾ ਮੁੱਖ ਦਰਵਾਜ਼ਾ ਖੁੱਲ੍ਹਾ ਸੀ ਅਤੇ ਕਮਰਿਆਂ ਵਿਚ ਪੇਟੀਆਂ ਤੇ ਅਲਮਾਰੀਆਂ 'ਚੋਂ ਕੱਢ ਕੇ ਸਾਮਾਨ ਖਿਲਾਰਿਆ ਪਿਆ ਸੀ | ਚੋਰ ਬਾਥਰੂਮਾਂ ਤੇ ਰਸੋਈ ਵਿਚ ਲੱਗੀਆਂ ਟੂਟੀਆਂ ਵੀ ਖੋਲ੍ਹ ਕੇ ਲੈ ਗਏ ਇਸ ਤੋਂ ਇਲਾਵਾ ਸੋਨੇ ਦੀ ਇਕ ਮੁੰਦਰੀ ਤੇ ਘਰ ਵਿਚ ਪਏ ਭਾਂਡੇ ਵੀ ਚੋਰੀ ਕਰ ਲਏ ਗਏ | ਇਸੇ ਤਰ੍ਹਾਂ ਹੀ ਵਿਦੇਸ਼ ਰਹਿੰਦੇ ਅਮਰਜੀਤ ਸਿੰਘ ਪੁੱਤਰ ਹਰਮਲ ਸਿੰਘ ਦੇ ਘਰ ਵਿਚ ਵੀ ਦਰਵਾਜਿਆਂ ਦੇ ਜਿੰਦਰੇ ਭੰਨੇ ਹੋਏ ਸਨ ਅਤੇ ਥੈਲਿਆਂ ਵਿਚ ਚੋਰੀ ਕੀਤਾ ਸਾਮਾਨ ਚੋਰ ਛੱਡ ਕੇ ਚਲੇ ਗਏ | ਇਸ ਸੰਬੰਧੀ ਪੁਲਿਸ ਚੌਕੀ ਸਮੁੰਦੜਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ |