ਨਵਾਂਸ਼ਹਿਰ, 12 ਮਈ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਅਟਾਰੀ ਜ਼ੋਨ-1 ਲੁਧਿਆਣਾ ਦੀ ਅਗਵਾਈ ਹੇਠ ਪੀ. ਏ. ਯੂ. ਕਿ੍ਸ਼ੀ ਵਿਗਿਆਨ ਕੇਂਦਰ, ਲੰਗੜੋਆ ਵਲੋਂ ਪਿਛਲੇ ਇਕ ਹਫ਼ਤੇ ਤੋਂ ਚਲ ਰਹੇ 5 ਮਈ 2026 ਤੋਂ 11 ਮਈ 2026 ਤੱਕ ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਅਤੇ ਮੁੱਲ ਵਾਧਾ ਵਿਸ਼ੇ 'ਤੇ ਇਕ ਕਿੱਤਾ ਮੁਖੀ ਸਿਖਲਾਈ ਕੈਂਪ ਸਮਾਪਤ ਹੋ ਗਿਆ | ਕੇ. ਵੀ. ਕੇ. ਦੇ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ (ਸਿਖਲਾਈ) ਦੀ ਅਗਵਾਈ ਹੇਠ ਲਗਾਏ ਕੈਂਪ ਵਿਚ ਮਨੁੱਖੀ ਸਿਹਤ ਲਈ ਮੌਸਮੀ ਫਲਾਂ ਤੇ ਸਬਜੀਆਂ ਦੀ ਪੌਸ਼ਟਿਕਤਾ ਅਤੇ ਇਨ੍ਹਾਂ ਨੂੰ ਲੰਮੇਂ ਸਮੇਂ ਤੱਕ ਸੁਰੱਖਿਅਤ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ | ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਇਸ ਕੈਂਪ ਦੌਰਾਨ ਕੱਚੇ ਫਲਾਂ ਅਤੇ ਸਬਜ਼ੀਆਂ ਨੂੰ ਖਰਾਬ ਹੋਣ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਆਧੁਨਿਕ ਉਤਪਾਦਾਂ ਵਿਚ ਬਦਲਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸਹੀ ਤਕਨੀਕਾਂ ਨਾਲ ਆੜੂ ਤੇ ਖਰਬੂਜੇ ਦਾ ਜੈਮ ਅਤੇ ਟਮਾਟਰ ਦੀ ਚਟਨੀ, ਪੀਣ ਵਾਲੇ ਪਦਾਰਥਾਂ ਵਜੋਂ ਆੜੂ ਤੇ ਅੰਬ ਦਾ ਸਕੈਸ਼, ਅਚਾਰਾਂ 'ਚ ਲਸਣ ਅਤੇ ਟਮਾਟਰ ਦਾ ਅਚਾਰ, ਸ਼ਰਬਤਾਂ 'ਚ ਬਦਾਮ ਤੇ ਗੁਲਾਬ ਦੀਆਂ ਪੱਤੀਆਂ ਦਾ ਸ਼ਰਬਤ ਬਾਰੇ ਸਿਖਲਾਈ ਦਿੱਤੀ ਗਈ | ਸ੍ਰੀਮਤੀ ਰੇਣੂ ਬਾਲਾ, ਡੈਮੋਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਪੈਕਿੰਗ ਅਤੇ ਸਹੀ ਲੇਬਲਿੰਗ ਕਰਕੇ ਇਨ੍ਹਾਂ ਸੁਰੱਖਿਅਤ ਕੀਤੇ ਉਤਪਾਦਾਂ ਨੂੰ ਕਿਸ ਤਰ੍ਹਾਂ ਬਾਜ਼ਾਰ ਵਿਚ ਵੇਚਣ ਯੋਗ ਬਣਾਇਆ ਜਾ ਸਕਦਾ ਹੈ, ਬਾਰੇ ਤੇ ਡਾ. ਰਜਿੰਦਰ ਕੌਰ ਨੇ ਸਿੱਖਿਆਰਥੀਆਂ ਨੂੰ ਫਲਾਂ ਤੇ ਸਬਜ਼ੀਆਂ ਦੀ ਸਾਂਭ ਸੰਭਾਲ ਨੂੰ ਇਕ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਅਜਿਹਾ ਕਰਦਿਆਂ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ |