ਨਵਾਂਸ਼ਹਿਰ, 16 ਮਈ (ਦੀਦਾਰ ਸਿੰਘ ਸ਼ੇਤਰਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡ ਸਕੋਹਪੁਰ, ਫਾਂਬੜਾ, ਉਸਮਾਨਪੁਰ, ਬੈਂਸਾਂ, ਸੁੱਜੋਂ ਅਤੇ ਮਾਹਿਲ ਗਹਿਲਾਂ ਵਿਖ਼ੇ ਕੱਲ੍ਹ ਚੰਡੀਗੜ੍ਹ ਵਿਖ਼ੇ ਗਵਰਨਰ ਹਾਊਸ ਵੱਲ ਮਾਰਚ ਕਰਦੇ ਕਿਸਾਨਾਂ 'ਤੇ ਲਾਠੀਚਾਰਜ ਕਰਨ, ਅੱਥਰੂ ਗੈਸ ਦੇ ਗੋਲ਼ੇ ਵਰਾਉਣ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੇ ਰੋਸ ਵਜੋਂ ਗਵਰਨਰ ਗੁਲਾਬ ਚੰਦ ਕਟਾਰੀਆ ਅਤੇ ਭਾਜਪਾ ਦੇ ਪੁਤਲੇ ਫੂਕੇ ਗਏ | ਇਕੱਤਰਤ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਭੁਪਿੰਦਰ ਸਿੰਘ ਵੜੈਚ ਨੇ ਪੁਲਿਸ ਵਲੋਂ ਕਿਸਾਨਾਂ ਨਾਲ਼ ਕੀਤੀ ਬਰਬਰਤਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਉੱਤੇ ਪੰਜਾਬ ਦਾ ਹੱਕ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਸਥਾਈ ਮੈਂਬਰਸ਼ਿਪ ਖ਼ਤਮ ਕਰਨ ਦਾ ਕੇਂਦਰ ਨੂੰ ਕੋਈ ਅਧਿਕਾਰ ਨਹੀਂ | ਪੰਜਾਬ ਦੇ ਪਾਣੀਆਂ ਦੇ ਮਸਲੇ ਦਾ ਹੱਲ ਅੰਤਰਰਾਸ਼ਟਰੀ ਸਿਧਾਂਤਾਂ ਰਿਪੇਰੀਅਨ ਸਿਧਾਂਤ ਅਨੁਸਾਰ ਕੀਤਾ ਜਾਵੇ | ਉਨ੍ਹਾਂ ਚੰਡੀਗੜ੍ਹ ਪੰਜਾਬ ਨੂੰ ਦੇਣ, ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹਵਾਲੇ ਕਰਨ ਅਤੇ ਕਿਸਾਨਾਂ ਦੇ ਰਹਿੰਦੇ ਮਸਲੇ ਤੁਰੰਤ ਹੱਲ ਕਰਨ ਲਈ ਕਿਹਾ | ਅਜਿਹਾ ਨਾ ਕਰਨ ਦੀ ਸੂਰਤ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ | ਅੱਜ ਇਕੱਠਾਂ ਨੂੰ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਇਲਾਕਾ ਔੜ ਦੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਕੁਲਵੀਰ ਸਿੰਘ ਸ਼ਾਹਪੁਰ, ਅਵਤਾਰ ਸਿੰਘ ਸਕੋਹਪੁਰ, ਬਲਬੀਰ ਸਿੰਘ ਸਕੋਹਪੁਰ, ਜੀਵਨ ਦਾਸ ਬੇਗੋਵਾਲ, ਹਰਜੀਤ ਸਿੰਘ ਫਾਂਬੜਾ, ਕਰਨੈਲ ਸਿੰਘ ਉੜਾਪੜ, ਭੁਪਿੰਦਰ ਸਿੰਘ ਸੰਘਾ, ਰਾਮਜੀ ਦਾਸ ਰਾਣਾ ਸਨਾਵਾ ਆਦਿ ਆਗੂਆਂ ਨੇ ਸੰਬੋਧਨ ਕੀਤਾ |