ਸੜੋਆ, 25 ਮਈ (ਹਰਮੇਲ ਸਹੂੰਗੜਾ)-ਕੇਂਦਰ ਦੀ ਭਾਜਪਾ ਸਰਕਾਰ ਜਦੋਂ ਦੀ ਸਤਾ 'ਚ ਆਈ ਹੈ, ਉਨ੍ਹਾਂ ਵਲੋਂ ਮਹਿੰਗਾਈ ਵਿਚ ਬੇਸ਼ੁਮਾਰ ਵਾਧਾ ਕਰਕੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ | ਇਹ ਵਿਚਾਰ ਬਲਾਚੌਰ ਤੋਂ ਸੀਨੀਅਰ ਅਕਾਲੀ ਨੇਤਾ ਅਸ਼ੋਕ ਨਾਨੋਵਾਲ, ਜਥੇਦਾਰ ਸਤਨਾਮ ਸਿੰਘ ਸਹੂੰਗੜਾ, ਬਲਾਕ ਕਿਸਾਨ ਵਿੰਗ ਦੇ ਪ੍ਰਧਾਨ ਬਹਾਦਰ ਸਿੰਘ ਪੈਲੀ ਤੇ ਕਾਂਗਰਸ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਦਿਆਲਾ ਨੇ ਸਾਂਝੇ ਤੌਰ 'ਤੇ ਦੱਸਿਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਇਕ ਮਹੀਨੇ 'ਚ ਚੌਥੀ ਵਾਰ ਪੈਟਰੋਲ ਡੀਜਲਾਂ ਦੇ ਭਾਅ 'ਚ ਬੇਸ਼ੁਮਾਰ ਵਾਧਾ ਕਰਕੇ ਗ਼ਰੀਬ ਜਨਤਾ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਕੇਂਦਰ ਵਿਚ ਸਵ. ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਸਿਲੰਡਰ ਦਾ ਭਾਅ 400 ਰੁਪਏ ਹੋਣ ਕਰਕੇ ਭਾਜਪਾ ਦੇ ਲੋਕਾਂ ਵਲੋਂ ਬਹੁਤ ਰੌਲਾ ਪਾਇਆ ਗਿਆ ਸੀ ਕਿ ਪੈਟਰੋਲ-ਡੀਜ਼ਲ ਅਤੇ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ ਤਾਂ ਭਾਜਪਾ ਦੇ ਲੀਡਰਾਂ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ ਤੇ ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ 400 ਰੁਪਏ ਤੋਂ ਵਧਾ ਕੇ ਗੈਸ ਸਿਲੰਡਰ ਦੀ ਕੀਮਤ ਲਗਪਗ 1000 ਤੱਕ ਪਹੁੰਚਾ ਦਿੱਤੀ ਹੈ | ਇਸੇ ਤਰ੍ਹਾਂ ਜਿਹੜਾ ਪੈਟਰੋਲ ਯੂ. ਪੀ. ਏ. ਦੀ ਸਰਕਾਰ ਵੇਲੇ 66 ਰੁਪਏ ਪ੍ਰਤੀ ਲੀਟਰ ਹੁੰਦਾ ਸੀ ਅੱਜ ਉਸ ਦੀ ਕੀਮਤ 105 ਰੁਪਏ ਤੱਕ ਪਾਰ ਹੋ ਚੁੱਕੀ ਹੈ | ਕੇਂਦਰ ਤੇ ਪੰਜਾਬ ਦੇ ਲੀਡਰ ਪੈਟਰੋਲ, ਡੀਜ਼ਲ ਅਤੇ ਗੈਸ ਦੇ ਕੀਤੇ ਹੋਏ ਵਾਧਿਆਂ 'ਤੇ ਚੁੱਪੀ ਧਾਰੀ ਬੈਠੇ ਹਨ | ਨਾਨੋਵਾਲ ਨੇ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਪੈਟਰੋਲ ਡੀਜ਼ਲਾਂ ਦੇ ਭਾਅ ਵਧਦੇ ਰਹੇ ਤਾਂ ਪੰਜਾਬ ਦੀ ਖੇਤੀ 'ਤੇ ਮਾੜਾ ਅਸਰ ਪਾਵੇਗਾ |