ਬਲਾਚੌਰ, 27 ਮਈ (ਨਰੇਸ਼ ਧੌਲ)-ਤੇਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੀ ਵਾਰ ਵਾਧਾ ਹੋਣ ਕਾਰਨ ਬਲਾਚੌਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਵਲੋਂ ਐਡਵੋਕੇਟ ਪ੍ਰਵੇਸ਼ ਖੋਸਲਾ ਦੀ ਅਗਵਾਈ ਹੇਠ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਭਾਰੀ ਰੋਸ ਜਤਾਇਆ ਗਿਆ | ਸੂਬਾ ਤੇ ਕੇਂਦਰ ਸਰਕਾਰ ਨੂੰ ਕੋਸਦਿਆਂ ਹੋਇਆਂ ਐਡਵੋਕੇਟ ਖੋਸਲਾ ਨੇ ਆਪਣੇ ਟੈਕਸ ਹਟਾਓ, ਗਰੀਬਾਂ ਨੂੰ ਬਚਾਓ ਦਾ ਨਾਅਰਾ ਲਗਾਉਂਦਿਆਂ ਹੋਇਆਂ ਕਿਹਾ ਕਿ ਦੋਨੋਂ ਹੀ ਸਰਕਾਰਾਂ ਜਨਤਾ ਨੂੰ ਬੇਵਕੂਫ ਬਣਾ ਕੇ ਕੋਝੀ ਰਾਜਨੀਤੀ ਖੇਡ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਦੋਂ ਦੂਜੇ ਰਾਜਾਂ 'ਚ ਚੋਣਾਂ ਸਨ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੇ ਕੀਮਤਾਂ 'ਚ ਵਾਧਾ ਨਹੀਂ ਕੀਤਾ | ਪਰ ਜਦੋਂ ਆਪਣਾ ਮਤਲਬ ਨਿਕਲ ਗਿਆ ਤਾਂ ਲੋਕਾਂ ਤੋਂ ਵੋਟਾਂ ਬਟੋਰ ਕੇ ਹੁਣ ਲਗਾਤਾਰ ਚੌਥੀ ਵਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਪੇਸ਼ ਕੀਤਾ ਹੈ | ਇਸੇ ਤਰ੍ਹਾਂ ਉਨ੍ਹਾਂ ਪੰਜਾਬ ਸਰਕਾਰ 'ਤੇ ਵਰਦਿਆਂ ਹੋਇਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ ਤਾਂ ਪੰਜਾਬ ਸਰਕਾਰ ਨੂੰ ਆਪਣਾ ਟੈਕਸ ਘੱਟ ਕਰਕੇ ਲੋਕਾਂ ਨੂੰ ਕੁੱਝ ਨਾ ਕੁੱਝ ਰਾਹਤ ਦਵਾਉਣ ਦਾ ਕਾਰਜ ਕਰਨਾ ਚਾਹੀਦਾ ਸੀ | ਉਨ੍ਹਾਂ ਕਿਹਾ ਕਿ ਜੇਕਰ ਤੇਲ ਗੈਸ ਦੇ ਵਾਧੇ ਨੂੰ ਤਰੁੰਤ ਵਾਪਸ ਨਾ ਲਿਆ ਗਿਆ ਤਾਂ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਸਮੁੱਚੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਪੱਧਰ 'ਤੇ ਤਕੜਾ ਸੰਘਰਸ਼ ਵਿਡਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਸਰਕਾਰਾਂ ਦੀ ਹੋਵੇਗੀ | ਇਸ ਮੌਕੇ ਬਲਦੇਵ ਸਿੰਘ ਖੋਸਲਾ, ਸਾਬਕਾ ਸਰਪੰਚ ਨਰਾਇਣ ਚੰਦ, ਸੂਬੇਦਾਰ ਮਦਨ ਲਾਲ ਸਿਆਣਾ, ਰਮੇਸ਼ ਕੁਮਾਰ ਮੁੱਤੋਂ, ਸੁਖਵਿੰਦਰ ਸਿੰਘ ਸਿਆਣਾ, ਗੁਰਮੁੱਖ ਸਿੰਘ ਮਹਿਮੂਦਪੂਰ, ਕੁਲਵੰਤ ਸਿੰਘ, ਸ਼ਮਸ਼ੇਰ ਸਿੰਘ, ਗੁਰਮੁੱਖ ਸਿੰਘ ਰਾਮਗੜ੍ਹੀਆ, ਪਰਮਜੀਤ ਸਿੰਘ ਬੰਗਾ ਬੇਟ, ਬਲਵਿੰਦਰ ਸਿੰਘ ਰੱਤੇਵਾਲ, ਮਨਜੀਤ ਸਿੰਘ ਆਦਿ ਹਾਜ਼ਰ ਸਨ |