ਨਵਾਂਸ਼ਹਿਰ-ਮਹਾਨ ਯੋਧਿਆਂ 'ਚੋਂ ਬਿਰਸਾ ਮੁੰਡਾ ਦਾ ਨਾਂਅ ਵਿਸ਼ੇਸ਼ ਸਤਿਕਾਰ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਆਦਿਵਾਸੀ ਸਮਾਜ ਅੱਜ ਵੀ 'ਧਰਤੀ ਆਬਾ' ਦੇ ਨਾਂਅ ਨਾਲ ਯਾਦ ਕਰਦਾ ਹੈ | ਇਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੇਵਾ ਮੁਕਤ ਲੈਕਚਰਾਰ ਨਰੇਸ਼ ਕੁਮਾਰ ਭੱਟੀ ਨੇ ਦੱਸਿਆ ਕਿ ਬਿਰਸਾ ਮੁੰਡਾ ਦਾ ਜਨਮ 15 ਨਵੰਬਰ 1875 ਨੂੰ ਊਲੀਹਾਤੂ ਪਿੰਡ ਵਿਚ ਮੁੰਡਾ ਜਨਜਾਤੀ ਦੇ ਇਕ ਗਰੀਬ ਪਰਿਵਾਰ ਵਿਚ ਹੋਇਆ | ਉਲੀਹਾਤੂ ਪਿੰਡ ਅੱਜ ਵੀ ਆਦਿਵਾਸੀ ਸਮਾਜ ਲਈ ਇਕ ਇਤਿਹਾਸਕ ਤੇ ਪ੍ਰੇਰਣਾਦਾਇਕ ਤੀਰਥ ਸਥਾਨ ਮੰਨਿਆ ਜਾਂਦਾ ਹੈ | ਇਹ ਪਿੰਡ ਭਾਰਤ ਦੇ ਨਵੇਂ ਬਣੇ ਰਾਜ ਝਾਰਖੰਡ ਵਿਚ ਹੈ | ਬਿਰਸਾ ਨੇ ਸ਼ੁਰੂਆਤੀ ਸਿੱਖਿਆ ਸਥਾਨਕ ਸਕੂਲਾਂ 'ਚ ਪ੍ਰਾਪਤ ਕੀਤੀ ਅਤੇ ਕੁਝ ਸਮਾਂ ਮਿਸ਼ਨਰੀ ਸਕੂਲ ਵਿਚ ਵੀ ਪੜ੍ਹੇ, ਜਿਥੇ ਉਨ੍ਹਾਂ ਦਾ ਮਨ ਸਮਾਜ ਦੇ ਸ਼ੋਸ਼ਣ ਤੇ ਧਾਰਮਿਕ ਦਖ਼ਲਅੰਦਾਜ਼ੀ ਕਾਰਨ ਬਹੁਤ ਦੁਖੀ ਹੋਇਆ | ਉਨ੍ਹਾਂ ਨੇ ਆਪਣੇ ਲੋਕਾਂ ਨੂੰ ਇਕੱਠਾ ਕਰਕੇ ਸਵਾਭਿਮਾਨ, ਏਕਤਾ ਤੇ ਹੱਕਾਂ ਲਈ ਸੰਘਰਸ਼ ਦਾ ਸੁਨੇਹਾ ਦਿੱਤਾ | ਉਨ੍ਹਾਂ ਨੇ ਸਮਾਜ ਵਿਚ ਫੈਲੇ ਅੰਧਵਿਸ਼ਵਾਸ, ਧਾਰਮਿਕ ਤੇ ਸਮਾਜਿਕ ਬੁਰਾਈਆਂ ਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ | ਸਾਲ 1899 'ਚ ਬਿਰਸਾ ਮੁੰਡਾ ਦੀ ਅਗਵਾਈ ਵਿੱਚ ਇਕ ਮਹਾਂ-ਵਿਦਰੋਹ ਸ਼ੁਰੂ ਹੋਇਆ | ਇਸ ਵਿਦਰੋਹ ਦਾ ਉਦੇਸ਼ ਅੰਗਰੇਜ਼ੀ ਹਕੂਮਤ, ਜ਼ਮੀਨਦਾਰੀ ਸ਼ੋਸ਼ਣ ਤੇ ਆਦਿਵਾਸੀ ਹੱਕਾਂ ਦੀ ਲੁੱਟ ਦਾ ਵਿਰੋਧ ਕਰਨਾ ਸੀ | ਅੰਗਰੇਜ਼ ਸਰਕਾਰ ਨੇ ਇਸ ਵਿਦਰੋਹ ਨੂੰ ਕੁਚਲਣ ਲਈ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਅਤੇ ਬਿਰਸਾ ਮੁੰਡਾ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰੀ ਤੋਂ ਕੁਝ ਹੀ ਮਹੀਨੇ ਬਾਅਦ 9 ਜੂਨ 1900 ਨੂੰ ਰਾਂਚੀ ਜੇਲ੍ਹ ਵਿਚ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ | ਇਸ ਸਮੇਂ ਉਨ੍ਹਾਂ ਦੀ ਉਮਰ 25 ਸਾਲ ਦੀ ਹੀ ਸੀ | ਇਤਿਹਾਸਕ ਮਹੱਤਵ ਦੀ ਗੱਲ ਇਹ ਵੀ ਹੈ ਕਿ ਝਾਰਖੰਡ ਰਾਜ ਦਾ ਗਠਨ 15 ਨਵੰਬਰ 2000 ਨੂੰ ਉਨ੍ਹਾਂ ਦੇ ਜਨਮ ਦਿਵਸ ਮੌਕੇ ਹੀ ਕੀਤਾ, ਜੋ ਉਨ੍ਹਾਂ ਪ੍ਰਤੀ ਦੇਸ਼ ਅਤੇ ਸਮਾਜ ਦੀ ਸੱਚੀ ਸ਼ਰਧਾਂਜਲੀ ਹੈ | -ਦੀਦਾਰ ਸਿੰਘ ਸ਼ੇਤਰਾ