ਬੰਗਾ, 4 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖਾਦਾਂ ਦੀ ਮਿਆਰੀ ਤੇ ਨਿਰਵਿਘਨ ਸਪਲਾਈ ਦੀ ਵਚਨਬੱਧਤਾ ਹੇਠ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਡਾ. ਲੇਖ ਰਾਜ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਟੀਮ ਵਲੋਂ ਬਲਾਕ ਬੰਗਾ ਅਧੀਨ ਪਿੰਡ ਕਟਾਰੀਆਂ, ਜੰਡਿਆਲਾ ਵਿੱਚ ਵੱਖ-ਵੱਖ ਖਾਦ ਡੀਲਰਾਂ, ਸਹਿਕਾਰੀ ਸਭਾਵਾਂ ਅਤੇ ਪਲਾਈ ਵੁਡ ਫੈਕਟਰੀਆਂ ਦੀ ਅਚਨਚੇਤ ਜਾਂਚ ਕੀਤੀ ਗਈ। ਜਾਂਚ ਦੌਰਾਨ ਖਾਦਾਂ ਨਾਲ ਸਬੰਧਤ ਰਿਕਾਰਡ, ਸਟਾਕ ਰਜਿਸਟਰ, ਬਿੱਲ ਬੁੱਕ ਸਟਾਕ ਬੋਰਡ ਅਤੇ ਪੀ. ਓ. ਐੱਸ ਮਸ਼ੀਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਨਾਲ਼ ਹੀ ਪਿੰਡ ਕਟਾਰੀਆ ਵਿਖੇ ਚੱਲ ਰਹੀ ਪਲਾਈ ਵੁੱਡ ਫੈਕਟਰੀ ਦੀ ਜਾਂਚ ਕੀਤੀ ਜਿੱਥੋਂ ਯੂਰੀਆ ਖਾਦ ਦੀ ਵਰਤੋਂ ਦਾ ਕੋਈ ਸੰਕੇਤ ਨਹੀਂ ਮਿਲਿਆ। ਇਸ ਮੌਕੇ ’ਤੇ ਡਾ. ਲੇਖਰਾਜ ਵਲੋਂ ਦੱਸਿਆ ਕਿ ਕਿਸਾਨਾਂ ਨੂੰ ਯੂਰੀਆ ਖਾਦ ਸਬਸਿਡੀ ’ਤੇ ਮੁਹੱਈਆ ਕੀਤੀ ਜਾਂਦੀ ਇਸ ਲਈ ਗੈਰ ਖੇਤੀ ਕੰਮ ਲਈ ਯੂਰੀਆ ਖਾਦ ਦੀ ਵਰਤੋਂ ਕਰਨਾ ਕਾਨੂੰਨ ਅਪਰਾਧ ਹੈ। ਉਹਨਾਂ ਖਾਦ ਡੀਲਰਾਂ ਨੂੰ ਖਾਦਾਂ ਦੀ ਵਿਕਰੀ ਪੀ. ਓ. ਐੱਸ ਮਸ਼ੀਨਾਂ ਨਾਲ ਕਰਨ ਅਤੇ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ, ਡਾ. ਵਿਜੇ ਮਹੇਸ਼ੀ ਏ. ਡੀ. ਓ ਇਨਫੋਰਸਮੈਂਟ, ਡਾ. ਗੁਰਪ੍ਰੀਤ ਸਿੰਘ ਏ. ਡੀ. ਓ ਤਕਨੀਕੀ ਤੋਂ ਇਲਾਵਾ ਦਲੇਰ ਸਿੰਘ, ਸਕੱਤਰ ਕ੍ਰਿਸ਼ਨ ਕੁਮਾਰ ਕਟਾਰੀਆਂ, ਸਕੱਤਰ ਮਨਦੀਪ ਸਿੰਘ ਜੰਡਿਆਲਾ ਅਤੇ ਹੋਰ ਹਾਜ਼ਰ ਸਨ।
ਜ਼ਿਲ੍ਹਾ ਟਾਸਕ ਫੋਰਸ ਵਲੋਂ ਡੀਲਰਾਂ ਤੇ ਫੈਕਟਰੀਆਂ ਦੀ ਅਚਨਚੇਤ ਜਾਂਚ
ਅਜੀਤ ਡੈਸਕ
05-07-2026