ਔੜ, 12 ਜੁਲਾਈ (ਗੁਰਨਾਮ ਸਿੰਘ ਸੈਣੀ) - ਫਿਲੌਰ ਤੋਂ ਰਾਹੋਂ ਨੂੰ ਜਾਂਦੀ ਮੇਨ ਸੜਕ ਸਮੇਤ ਨਹਿਰਾਂ ਦੀਆਂ ਪਟੜੀਆਂ ਪਿੰਡਾਂ ਦੇ ਛੱਪੜਾਂ ਅਤੇ ਸਰਕਾਰੀ ਡਰੇਨਾਂ ਦੇ ਕਿਨਾਰਿਆਂ ’ਤੇ ਜੰਮੇ ਕਈ-ਕਈ ਫੁੱਟ ਉੱਚੇ ਜੰਗਲੀ ਘਾਹ ਫੂਸ ਸਮੇਤ ਹੋਰ ਅਨੇਕਾਂ ਪ੍ਰਕਾਰ ਦੀਆਂ ਜੰਗਲੀ ਜੜੀ ਬੂਟੀਆਂ ਰਾਹਗੀਰ ਲੋਕਾਂ ਲਈ ਹਰ ਰੋਜ਼ ਨਵੀਆਂ ਮੁਸੀਬਤਾਂ ਪੈਦਾ ਕਰ ਰਹੀਆਂ ਹਨ। ਪਿੰਡਾਂ ਦੇ ਅਨੇਕਾਂ ਸਮਾਜ ਸੇਵੀ ਵਿਅਕਤੀਆਂ ਨੇ ਦੱਸਿਆ ਕਿ ਘਾਹ ਫੁੂਸ ਇਸ ਮੇਨ ਸੜਕ ਦੇ ਕਿਨਾਰਿਆ ਦੇ ਆਲੇ ਦੁਆਲੇ ਐਨੀ ਉੱਚੀ ਤੇ ਸੰਘਣੀ ਹੋ ਚੁੱਕੀ ਹੈ ਕਿ ਦੂਰੋਂ ਆਉਂਦੇ ਵਾਹਨ ਵੀ ਨਜ਼ਰ ਨਹੀ ਆਉਦੇਂ। ਉਨ੍ਹਾਂ ਇਹ ਵੀ ਦੱਸਿਆ ਕਿ ਸਮਾਜ ਵਿਰੋਧੀ ਅਨਸਰ ਵੀ ਅਕਸਰ ਇਸ ਵਿੱਚ ਲੁੱਕ ਛਿੱਪ ਕੇ ਲੁੱਟ ਖੋਹ ਦੀਆਂ ਜਾਂ ਡਰਾਉਣ ਧਮਕਾਉਣ ਵਰਗੀਆਂ ਘਿਨਾਉਣੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਹਨ। ਇਥੇ ਇਹ ਵੀ ਵਰਨਣ ਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਮੇਂ-ਸਮੇਂ ਸਿਰ ਇਸ ਮੇਨ ਸੜਕ ਦਾ ਘਾਹ ਫੂੁਸ ਅਤੇ ਹੋਰ ਜੰਗਲੀ ਜੜੀਆਂ ਬੂਟੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸਰਕਾਰੀ ਵਿਭਾਗਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ-ਆਪਣੇ ਇਲਾਕੇ ’ਚੋਂ ਤੁਰੰਤ ਕਟਵਾਉਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ ਪਰ ਫਿਲੌਰ ਤੋਂ ਰਾਹੋ ਨੂੰ ਜਾਂਦੀ ਇਸ ਮੇਨ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਹੋਰ ਜੜੀ ਬੂਟੀਆਂ ਜਿਥੇ ਜ਼ਹਿਰੀਲੇ ਜਾਨਵਰਾਂ ਦੀ ਪਨਾਹਗਾਹ ਬਣਦੀ ਹੈ ਉੱਥੇ ਇਹ ਹਰ ਵਿਅਕਤੀ ਲਈ ਸਾਹ, ਅਲੈਰਜੀ ਵਰਗੀਆਂ ਗੰਭੀਰ ਬਿਮਾਰੀਆਂ ਵੀ ਪੈਦਾ ਕਰਦੀਆਂ ਹਨ। ਡਾਕਟਰਾਂ ਨੇ ਇਨ੍ਹਾਂ ਜੜੀ ਬੂਟੀਆਂ ਨੂੰ ਮਨੁੱਖਤਾ ਲਈ ਨੁਕਸਾਨਦੇਹ ਐਲਾਨਿਆ ਹੋਇਆ ਹੈ। ਇਸ ਦੀ ਪੈਦਾਵਰ ਵੱਧਣ ਕਰਕੇ ਮੱਛਰ ਵੀ ਵੱਧ ਫੈਲ ਰਿਹਾ ਹੈ। ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਆਪਣੇ-ਅਪਾਣੇ ਪਿੰਡਾਂ ਦੇ ਇਲਾਕੇ ਵਿੱਚੋ ਲੰਘਦੀ ਇਸ ਮੇਨ ਸੜਕ ਦੇ ਕਿਨਾਰਿਆਂ, ਸਰਕਾਰੀ ਡਰੇਨਾਂ ਤੇ ਨਹਿਰਾਂ ਦੇ ਕਿਨਾਰਿਆਂ ’ਤੇ ਜੰਮੀਆਂ ਉਕਤ ਜੜੀ ਬੂਟੀਆਂ ਤੇ ਘਾਹ ਫੂਸ ਨੂੰ ਕੱਟਣ ਲਈ ਨਰੇਗਾ ਸਕੀਮ ਅਧੀਨ ਤੁਰੰਤ ਸਾਫ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਇਨ੍ਹਾਂ ਮਾਰੂ ਜੜੀ ਬੂਟੀਆਂ ਤੋਂ ਰਾਹਤ ਮਿਲ ਸਕੇ ਜਿਸ ਨਾਲ ਆ ਜਾ ਰਹੇ ਵਾਹਨਾਂ ਤੇ ਆਮ ਰਾਹਗੀਰਾਂ ਲਈ ਸੋਖ ਹੋ ਸਕੇ।
ਫਿਲੌਰ-ਰਾਹੋਂ ਸੜਕ ਕਿਨਾਰੇ ਜੰਮਿਆ ਘਾਹ ਫੂਸ ਤੇ ਹੋਰ ਜੰਗਲੀ ਜੜ੍ਹੀ ਬੂਟੀਆਂ ਤੋਂ ਲੋਕਾਂ ਨੂੰ ਅਜੇ ਤੱਕ ਨਹੀਂ ਮਿਲੀ ਰਾਹਤ
ਅਜੀਤ ਡੈਸਕ
13-07-2026