ਕਟਾਰੀਆਂ, 15 ਜੁਲਾਈ (ਪ੍ਰੇਮੀ ਸੰਧਵਾਂ)-ਪੰਜਾਬ ‘ਚ ਹੋਣ ਜਾ ਰਹੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਕਿਸਾਨ ਤੇ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਮੈਡਮ ਬਿਮਲਾ ਦੇਵੀ ਬੰਗਾ ਨੇ ਬਲਾਕ ਦੇ ਵੱਖ-ਵੱਖ ਪਿੰਡਾਂ ‘ਚ ਚੋਣ ਮੀਟਿੰਗਾ ਕਰਨ ਤੋਂ ਬਾਅਦ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਜਿੱਥੇ ਲੋਕਾਂ ਨੂੰ ਆਏ ਦਿਨ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕਾਂਗਰਸ ਪਾਰਟੀ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਵੀ ਕੋਈ ਕਸਰ ਨਹੀ ਛੱਡੀ ਜਾਂਦੀ ਪਰ ਪੰਜਾਬ ਦੇ ਸੂਝਵਾਨ ਲੋਕ ਸਰਕਾਰ ਦੇ ਝਾਂਸੇ ’ਚ ਨਹੀ ਆਉਣਗੇ ਕਿਉਂਕਿ ਬਦਲਾਅ ਦਾ ਨਾਅਰਾ ਦੇ ਕੇ ਬਣੀ ਮਾਨ ਸਰਕਾਰ ਨੇ ਬਦਲਾਅ ਤਾਂ ਕੀ ਲਿਆਉਣਾ ਸੀ, ਸਗੋਂ ਬਦਲਾਖੋਰੀ ਦੀ ਨੀਤੀ ‘ਤੇ ਹੀ ਤੁਲੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਕਦੇ ਵੀ ਬਦਲਾਖੋਰੀ ਦੀ ਨੀਤੀ ਨਹੀਂ ਅਪਣਾਈ ਗਈ, ਸਗੋਂ ਕਾਂਗਰਸ ਦੀ ਸਰਕਾਰ ਸਮੇਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹਮੇਸ਼ਾ ਹੀ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਲਾਭਪਾਤਰੀ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ। ਸੀਨੀਅਰ ਕਿਸਾਨ ਤੇ ਕਾਂਗਰਸੀ ਆਗੂ ਕਮਲਜੀਤ ਬੰਗਾ ਤੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਸਰਪੰਚ ਬਿਮਲਾ ਦੇਵੀ ਬੰਗਾ ਨੇ ਕਿਹਾ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਵਿਰੋਧੀ ਪਾਰਟੀਆਂ ਵਲੋਂ ਚੋਣਾਂ ਜਿੱਤਣ ਦੇ ਲਏ ਜਾ ਰਹੇ ਸੁਪਨਿਆਂ ‘ਤੇ ਸੂਬੇ ਦੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਕੇ ਪਾਣੀ ਫੇਰ ਦੇਣਗੇ ਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਮੌਕੇ ਸੁਰਜੀਤ ਸਿੰਘ, ਚੈਨ ਰਾਮ ਆਦਿ ਹਾਜ਼ਰ ਸਨ।