ਬਲਾਚੌਰ, 19 ਜੁਲਾਈ (ਨਰੇਸ਼ ਧੌਲ)- ਹਾਈ ਕੋਰਟ ਦੇ 8 ਅਪ੍ਰੈਲ 2026 ਨੂੰ ਮੁਲਾਜ਼ਮ ਪੱਖੀ ਫੈਸਲੇ ਤੋਂ ਬਾਅਦ ਦੁਬਾਰਾ ਹਾਈਕੋਰਟ ਵਿੱਚ ਚੱਲ ਰਹੀ ਲੰਬੀ ਅਪੀਲ ਅਤੇ ਦਲੀਲ ਤੋਂ ਬਾਅਦ ਹਾਈ ਕੋਰਟ ਦੇ ਡੀ.ਏ. ਸਬੰਧੀ ਫੈਸਲੇ ਦੀ ਲੱਖਾਂ ਕਰਮਚਾਰੀ ਅਤੇ ਪੈਨਸ਼ਨਰਜ਼ ਆਸ ਲਗਾਈ ਬੈਠੇ ਹਨ। ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ ਪਿੰਡ ਮੌਜੋਵਾਲ ਮਜਾਰਾ ਨੇ ਕਿਹਾ ਕਿ ਮੁਲਾਜ਼ਮ ਵਰਗ ਨੂੰ ਵੀ ਇਹ ਭੱਤੇ ਦੇਣਾ ਕੋਈ ਦਾਨ ਜਾਂ ਸੌਗਾਤ ਨਹੀਂ ਹੈ ਸਗੋਂ ਇਹ ਸਮੁੱਚੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਅਧਿਕਾਰ ਹੈ। ਇਹ ਮੁਲਾਜ਼ਮਾਂ ਨੂੰ ਉਦੋਂ ਦਿੱਤਾ ਜਾਂਦਾ ਹੈ ਜਦੋਂ ਦੇਸ਼ ਵਿੱਚ ਸਰਕਾਰ ਮਿਥ ਲੈਂਦੀ ਹੈ ਕਿ ਮਹਿੰਗਾਈ ਦਾ ਅੰਕੜਾ ਉਪਰ ਜਾ ਰਿਹਾ ਹੈ, ਜਿਸ ਦਾ ਸਾਹਮਣਾ ਹਰ ਵਰਗ ਨੂੰ ਕਰਨਾ ਪੈਂਦਾ ਹੈ। ਇਸ ਲਈ ਮੁਲਾਜ਼ਮ ਵਰਗ ਨੂੰ ਵੀ ਮਹਿੰਗਾਈ ਭੱਤਾ ਦਿੱਤਾ ਜਾਂਦਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਮੁੱਚੇ ਸੂਬਿਆਂ ਦੇ ਮੁਲਾਜ਼ਮਾਂ ਨੂੰ ਦਹਾਕਿਆਂ ਤੋਂ ਇਹ ਭੱਤਾ ਦਿੱਤਾ ਜਾ ਰਿਹਾ ਹੈ ਪਰ ਵੱਡੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਸਰਾਸਰ ਧੱਕਾ ਕਰ ਰਹੀ ਹੈ ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡੀ.ਏ. ਸਬੰਧੀ ਹਾਈਕੋਰਟ ਦੇ ਫੈਸਲੇ ’ਤੇ ਆਸ ਲਗਾਈ ਬੈਠੇ ਲੱਖਾਂ ਕਰਮਚਾਰੀ ਤੇ ਪੈਨਸ਼ਨਰਜ਼ -ਰੱਕੜ
ਅਜੀਤ ਡੈਸਕ
20-07-2026