ਬੰਗਾ, 19 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਕਾਂਗਰਸ ਦੇ ਸੀਨੀਅਰ ਆਗੂ ਡਾ. ਬਖਸ਼ੀਸ਼ ਸਿੰਘ ਨੇ ਖਟਕੜ ਕਲਾਂ ਵਿਖੇ ਸਥਾਪਿਤ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਸਮਾਰਕ ’ਤੇ ਪੁੱਜ ਕੇ ਨਮਨ ਕੀਤਾ ਅਤੇ ਲੋਕਾਂ ਨੂੰ ਸਮਾਜਿਕ ਤਬਦੀਲੀ ਲਈ ਸ਼ਹੀਦਾਂ ਦੇ ਮਿਸ਼ਨ ’ਤੇ ਚੱਲਣ ਦਾ ਹੋਕਾ ਦਿੱਤਾ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਨਾਂਅ ’ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਸਗੋਂ ਉਹਨਾਂ ਦੀ ਸੋਚ ਦਾ ਘਰ-ਘਰ ਪ੍ਰਚਾਰ-ਪਸਾਰ ਕਰਨ ਲਈ ਜ਼ਮੀਨੀ ਪੱਧਰ ’ਤੇ ਕੰਮ ਹੋਣਾ ਚਾਹੀਦਾ ਹੈ। ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਚੜ੍ਹਦੀ ਉਮਰੇ ਦੇਸ਼ ਦੀ ਖ਼ਾਤਰ ਆਪਾ ਵਾਰ ਜਾਣਾ ਵੱਡੀ ਉਦਾਹਰਣ ਹੈ ਪਰ ਅਫ਼ਸੋਸ ਕਿ ਅਜਿਹੀ ਲਾਸਾਨੀ ਕੁਰਬਾਨੀ ਦੇ ਅਰਥਾਂ ਨੂੰ ਲੋਕ ਭੁੱਲਦੇ ਜਾ ਰਹੇ ਹਨ ਜਦਕਿ ਉਹ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ। ਉਹਨਾਂ ਦਾ ਦੇਸ਼ ਕੌਮ ਦੇ ਨਿਰਮਾਣ ਅਤੇ ਸ਼ਖ਼ਸੀਅਤ ਸਥਾਪਤੀ ਪੱਖੋਂ ਯੋਗਦਾਨ ਸਤਿਕਾਰਦਿਆਂ, ਉਹਨਾਂ ਦੇ ਵਿਚਾਰਾਂ ਨੂੰ ਨੌਜਵਾਨ ਵਰਗ ਤੱਕ ਪੁੱਜਦਾ ਕਰਨਾ ਚਾਹੀਦਾ ਹੈ। ਡਾ. ਬਖਸ਼ੀਸ਼ ਸਿੰਘ ਦਾ ਕਹਿਣ ਸੀ ਕਿ ਦੇਸ਼ ਨੂੰ ਵਰਗਾਂ ਤੇ ਧਰਮਾਂ ਦੇ ਨਾਂਅ ’ਤੇ ਵੰਡਣ ਵਾਲੀਆਂ ਧਿਰਾਂ ਸ਼ਹੀਦਾਂ ਦੇ ਮਿਸ਼ਨ ਨੂੰ ਆਨੇ-ਬਹਾਨੇ ਅੱਖੋਂ ਪਰੋਖੇ ਕਰਦੀਆਂ ਹਨ। ਇਸ ਮੌਕੇ ਉਹਨਾਂ ਨਾਲ ਗੁਰਦੀਪ ਕੌਰ ਮਜਾਰੀ, ਹਰਪ੍ਰੀਤ ਕੌਰ ਫਿਰੋਜ਼ਪੁਰ, ਪਰਮਜੀਤ ਕੌਰ ਗੁਣਾਚੌਰ, ਅਮਰਜੀਤ ਕੌਰ ਸੋਤਰਾਂ ਸ਼ਾਮਲ ਸਨ।
ਕਾਂਗਰਸੀ ਆਗੂ ਡਾ. ਬਖਸ਼ੀਸ਼ ਸਿੰਘ ਵਲੋਂ ਖਟਕੜ ਕਲਾਂ ’ਚ ਸ਼ਹੀਦਾਂ ਨੂੰ ਸਿੱਜਦਾ
ਅਜੀਤ ਡੈਸਕ
20-07-2026