ਨਵਾਂਸ਼ਹਿਰ, 19 ਜੁਲਾਈ (ਜਸਬੀਰ ਸਿੰਘ ਨੂਰਪੁਰ)- ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਆਊਟ ਸੋਰਸਿਸ ਮੁਲਾਜ਼ਮਾਂ ਵੱਲੋਂ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਕੋਠੀ ‘ਸਨ ਸਿਟੀ’ ਖੰਨਾ ਵਿਖੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ 2 ਅਗਸਤ ਧਰਨਾ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਾਟਰ ਤੇ ਸੀਵਰੇਜ ਬੋਰਡ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਯਾਦੀ, ਪ੍ਰਦੀਪ ਸਿੰਘ ਅਤੇ ਕਰਨੈਲ ਸਿੰਘ ਫਤਿਹਗੜ੍ਹ ਸਾਹਿਬ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅੰਦਰ ਪਿਛਲੇ ਲੰਮੇ ਸਮੇਂ ਤੋਂ ਨਿਗੂਣੀਆ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਸੀਵਰੇਜ ਬੋਰਡ ਦੇ ਅੰਦਰ ਵੱਖ-ਵੱਖ ਠੇਕੇਦਾਰਾਂ ਕੰਪਨੀਆਂ ਸੋਸਾਇਟੀਆਂ ਵੱਲੋਂ ਆਊਟਸੋਰਸ ਮੁਲਾਜ਼ਮਾਂ ਦੀ ਵੱਡੇ ਪੱਧਰ ’ਤੇ ਆਰਥਿਕ ਲੁੱਟ ਹੋ ਰਹੀ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਸੈਂਕੜੇ ਵਾਰ ਲੇਬਰ ਕਮਿਸ਼ਨਰ ਪੰਜਾਬ ਅਤੇ ਸੀਵਰੇਜ ਬੋਰਡ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰਾਂ ਰਾਹੀਂ ਵੀ ਕਿਰਤ ਕਾਨੂੰਨ ਲਾਗੂ ਕਰਨ ਦੀ ਗੱਲ ਆਖੀ ਗਈ ਹੈ। ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਿਸੇ ਵੀ ਅਧਿਕਾਰੀ ਨੇ ਕੋਈ ਸੁਣਵਾਈ ਨਹੀਂ ਕੀਤੀ ਇੱਥੇ ਹੀ ਵੱਸ ਨਹੀਂ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਵੀ ਇਸ ਬਾਰੇ ਚਿੱਠੀ ਪੱਤਰਾਂ ਰਾਹੀਂ ਜਾਣੂ ਕਰਵਾਇਆ ਜਾ ਚੁੱਕਾ ਹੈ, ਉਨਾਂ ਦੇ ਕਿਰਤ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਅੰਦਰ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਲੁੱਟ ਰਹੀ ਹੈ। ਉਹਨਾਂ ਕਿਹਾ ਸੀਵਰੇਜ ਬੋਰਡ ਅੰਦਰ ਕਿਰਤ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਵਰਕਰਾਂ ਦਾ ਈ.ਪੀ.ਐਫ. ਫੰਡ ਅਤੇ ਈ.ਐਸ.ਆਈ. ਕੱਟ ਲਿਆ ਜਾਂਦਾ ਹੈ ਪਰ ਠੇਕੇਦਾਰਾਂ ਵੱਲੋਂ ਫੰਡ ਜਮ੍ਹਾ ਨਹੀਂ ਕਰਵਾਇਆ ਜਾਂਦਾ। ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ 2 ਅਗਸਤ ਨੂੰ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਕੋਠੀ ਅੱਗੇ ਧਰਨਾ ਦੇਣਗੇ ਜਿਸ ਦੀ ਸਾਰੀ ਜਿੰਮੇਵਾਰੀ ਪ੍ਰਸ਼ਾਸਨ ਤੇ ਕਿਰਤ ਮੰਤਰੀ ਦੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਨਵਾਂਸ਼ਹਿਰ, ਜਤਿੰਦਰ ਸਿੰਘ ਲੁਧਿਆਣਾ, ਕੁਲਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ, ਗਗਨਦੀਪ ਸ਼ਰਮਾ ਆਦਿ ਹਾਜ਼ਰ ਸਨ।
ਕਿਰਤ ਕਾਨੂੰਨ ਲਾਗੂ ਕਰਵਾਉਣ ਲਈ ਧਰਨਾ 2 ਅਗਸਤ ਨੂੰ
ਅਜੀਤ ਡੈਸਕ
20-07-2026