ਸਮੁੰਦੜਾ, 22 ਜੁਲਾਈ (ਤੀਰਥ ਸਿੰਘ ਰੱਕੜ)-ਪਿੰਡ ਚੱਕ ਗੁਰੂ ਵਿਖੇ ਪ੍ਰਵਾਸੀ ਭਾਰਤੀ ਭਰਾਵਾਂ ਅਵਤਾਰ ਸਿੰਘ ਤਾਰੀ ਯੂ.ਐਸ.ਏ, ਅਜੀਤ ਸਿੰਘ ਯੂ.ਐਸ.ਏ ਅਤੇ ਸੁੱਚਾ ਸਿੰਘ ਕੈਨੇਡਾ ਵੱਲੋਂ ਇਲਾਕੇ ਅੰਦਰ ਫੁੱਟਬਾਲ ਖੇਡ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਭੇਂਟ ਕੀਤੀ ਗਈ ਜ਼ਮੀਨ ‘ਤੇ ਬਣਿਆ ਹਰਿਆ-ਭਰਿਆ ਸ਼ਾਨਦਾਰ ਖੇਡ ਮੈਦਾਨ ਅਤੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਨੂੰ ਫੁੱਟਬਾਲ ਨਾਲ ਜੋੜਨ ਲਈ ਬਣਾਈ ਜਾ ਰਹੀ ‘ਆਪਣਾ ਐਨ.ਆਰ.ਆਈ ਫੁੱਟਬਾਲ ਅਕੈਡਮੀ’ ਚੱਕ ਗੁਰੂ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਲਈ ਚਾਨਣ ਮੁਨਾਰਾ ਸਾਬਿਤ ਹੋ ਰਹੀ ਹੈ l 29 ਅਪ੍ਰੈਲ 2023 ਨੂੰ ਇਸ ਖੇਡ ਸਟੇਡੀਅਮ ਦਾ ਰਸਮੀ ਤੌਰ ‘ਤੇ ਨੀਹ ਪੱਥਰ ਰੱਖਿਆ ਗਿਆ ਸੀ ਅਤੇ ਕੁੱਝ ਮਹੀਨਿਆਂ ਵਿੱਚ ਹੀ ਸ਼ਾਨਦਾਰ ਖੇਡ ਮੈਦਾਨ ਤਿਆਰ ਕਰ ਲਿਆ ਗਿਆ ਸੀ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਇਸ ਫੁੱਟਬਾਲ ਅਕੈਡਮੀ ਵਿੱਚ ਪ੍ਰਬੰਧਕਾਂ ਵੱਲੋਂ 20 ਖਿਡਾਰੀਆਂ ਦੇ ਰਹਿਣ ਲਈ ਵਧੀਆ ਅਤੇ ਹਵਾਦਾਰ ਇਮਾਰਤ ਦਾ ਨਿਰਮਾਣ ਕੀਤਾ ਜਾ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ 20 ਹੋਰ ਖਿਡਾਰੀਆਂ ਦੇ ਰਿਹਾਇਸ਼ ਲਈ ਵੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਫੁੱਟਬਾਲ ਅਕੈਡਮੀ ਦੇ ਚੇਅਰਮੈਨ ਮੋਹਨ ਸਿੰਘ ਮੱਲੀ ਯੂ.ਐਸ.ਏ, ਅਵਤਾਰ ਸਿੰਘ ਤਾਰੀ ਅਤੇ ਪ੍ਰਧਾਨ ਗੁਰਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਜਿੱਥੇ ਹਰ ਸਾਲ ਕਲੱਬ ਕੈਟਾਗਰੀ ਨਾਲ ਸੰਬੰਧਿਤ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਥੇ ਨਾਲ ਹੀ ਵੱਖ-ਵੱਖ ਉਮਰ ਵਰਗ ਨਾਲ ਸੰਬੰਧਿਤ ਪੰਜਾਬ ਦੀਆਂ ਨਾਮੀ ਫੁੱਟਬਾਲ ਅਕੈਡਮੀਆਂ ਦੇ ਵੀ ਮੁਕਾਬਲੇ ਕਰਵਾਏ ਜਾਂਦੇ ਹਨ ਤੇ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਵੀ ਦਿੱਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਕੋਚ ਪ੍ਰਿੰਸ ਕੁਮਾਰ ਦੀ ਅਗਵਾਈ ਹੇਠ 14 ਸਾਲ, 17 ਸਾਲ ਤੇ 19 ਸਾਲ ਉਮਰ ਵਰਗ ਦੇ 35 ਦੇ ਕਰੀਬ ਖਿਡਾਰੀ ਰੋਜ਼ਾਨਾ ਹੀ ਫੁੱਟਬਾਲ ਦੀ ਪ੍ਰੈਕਟਿਸ ਕਰਦੇ ਹਨ ਤੇ ਉਹਨਾਂ ਨੂੰ ਢੁਕਵੀਂ ਖੁਰਾਕ ਵੀ ਮੁਹਈਆ ਕਰਵਾਈ ਜਾਂਦੀ ਹੈ। ਇਹਨਾਂ ਖਿਡਾਰੀਆਂ ਵਿੱਚ ਹੁਸ਼ਿਆਰਪੁਰ, ਨਵਾਂਸ਼ਹਿਰ ਤੋਂ ਇਲਾਵਾ ਰੂਪਨਗਰ, ਲੁਧਿਆਣਾ, ਕਪੂਰਥਲਾ ਆਦਿ ਜ਼ਿਲਿਆਂ ਦੇ ਵੱਖ-ਵੱਖ ਪਿੰਡਾਂ ਤੋਂ ਵੀ ਖਿਡਾਰੀ ਫੁੱਟਬਾਲ ਦੀ ਕੋਚਿੰਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ 17 ਸਾਲ ਉਮਰ ਵਰਗ ਦੇ ਸੂਬਾ ਪੱਧਰੀ ਹੋਏ ਫੁੱਟਬਾਲ ਅਕੈਡਮੀਆਂ ਦੇ ਮੁਕਾਬਲੇ ਵਿੱਚ ਉਹਨਾਂ ਦੀ ਟੀਮ ਨੇ ਪੰਜਾਬ ਭਰ ਵਿੱਚੋਂ ਦੂਸਰਾ ਸਥਾਨ ਹਾਸਿਲ ਕਰਕੇ ਨਗਰ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਉਹਨਾਂ ਦੱਸਿਆ ਕਿ ਫੁੱਟਬਾਲ ਟੂਰਨਾਮੈਂਟ ਅਤੇ ਅਕੈਡਮੀ ਦੀ ਤਿਆਰ ਹੋ ਰਹੀ ਇਮਾਰਤ ਲਈ ਸਮੁੰਦੜਾ ਦੇ ਮੱਲੀ ਪਰਿਵਾਰ ਯੂ.ਐਸ.ਏ, ਮਨਜੀਤ ਸਿੰਘ ਵਿਰਕ ਯੂ.ਐਸ.ਏ, ਅਮਰੀਕ ਸਿੰਘ ਰਾਏ ਕੈਨੇਡਾ, ਕਸ਼ਮੀਰ ਸਿੰਘ ਧੁੱਗਾ ਅਮਰੀਕਾ, ਰਜਿੰਦਰ ਸਿੰਘ ਚੱਕ ਸਿੰਘਾ ਯੂ.ਕੇ, ਹਰਮੇਸ਼ ਗੰਗੜ ਯੂ.ਕੇ, ਪ੍ਰਿੰਸੀਪਲ ਰਾਜਪਾਲ ਯੂ.ਐਸ.ਏ, ਨਰਿੰਦਰ ਸਿੰਘ ਬੜਵਾ ਆਸਟਰੇਲੀਆ ਆਦਿ ਵਲੋਂ ਵੱਡੇ ਸਹਿਯੋਗ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗੁਰਦੇਵ ਸਿੰਘ ਖਾਲਸਾ ਪ੍ਰਧਾਨ, ਕੁਲਵਿੰਦਰ ਸਿੰਘ ਕਿੰਦਾ ਉਪ ਪ੍ਰਧਾਨ, ਸਤਨਾਮ ਸਿੰਘ ਰੱਕੜ ਖਜਾਨਚੀ, ਕਰਨੈਲ ਸਿੰਘ, ਮੋਹਣ ਸਿੰਘ ਗਿੱਲ, ਕਮਲਜੀਤ ਸਿੰਘ ਗਿੱਲ, ਕਰਨੈਲ ਸਿੰਘ ਏ.ਐਸ.ਆਈ, ਰਾਮ ਜਸ, ਰਾਮ ਤੀਰਥ ਸਿੰਘ, ਅਜਾਇਬ ਸਿੰਘ ਚੱਕ ਗੁੱਜਰਾਂ, ਕਾਕਾ ਸਮੁੰਦੜਾ, ਸੱਜਣ ਸਿੰਘ ਧਮਾਈ ਆਦਿ ਕਲੱਬ ਮੈਂਬਰਾਂ ਵੱਲੋਂ ਵੀ ਹਰ ਸਾਲ ਆਪਣਾ ਬਣਦਾ ਯੋਗਦਾਨ ਪਾਇਆ ਜਾਂਦਾ ਹੈ।