ਬੰਗਾ, 22 ਜੁਲਾਈ (ਧਰਮਵੀਰ ਪਾਲ) - ਸਫਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਜਾਇਜ਼ ਮੰਗਾਂ ਮਨਵਾਉਣ ਲਈ 8 ਜੁਲਾਈ ਤੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ 15ਵੇਂ ਦਿਨ ਵੀ ਜਾਰੀ ਰਹੀ। ਪ੍ਰਧਾਨ ਬੂਟਾ ਰਾਮ ਅਟਵਾਲ ਦੀ ਅਗਵਾਈ ਸਫਾਈ ਸੇਵਕ ਯੂਨੀਅਨ ਬੰਗਾ ਵੱਲੋਂ ਮਿਊਂਸਿਪਲ ਕਮੇਟੀ ਦਫ਼ਤਰ ਬੰਗਾ ਵਿਖੇ ਆਪਣੀ ਹੜਤਾਲ ਜਾਰੀ ਰੱਖਦਿਆਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਨਾਲ ਕਈ ਵਾਰ ਦੀਆਂ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਫਾਈ ਸੇਵਕਾਂ ਦੀਆਂ ਜਾਇਜ਼ ਮੰਗਾਂ ਨੂੰ ਅਜੇ ਤੱਕ ਸਵੀਕਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਕਾਰਨ ਯੂਨੀਅਨ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਡਟੀ ਹੋਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਬਲਵੀਰ ਚੰਦ, ਵਾਈਸ ਪ੍ਰਧਾਨ ਰਮਨ ਕੁਮਾਰ, ਸਕੱਤਰ ਨੀਰਜ ਘਈ, ਖਜ਼ਾਨਚੀ ਹੀਰਾ ਲਾਲ, ਸਲਾਹਕਾਰ ਰਵੀ ਕੁਮਾਰ ਸਮੇਤ ਸੁਰਿੰਦਰ ਕੁਮਾਰ, ਸੁਖਦੇਵ, ਰਾਜ ਕੁਮਾਰ, ਅਜੈ ਕੁਮਾਰ, ਅਮਰਦੀਪ, ਬਲਰਾਮ, ਨੀਰਜ ਸਹੋਤਾ, ਸਤਿਆ, ਸ਼ਾਮਬਤੀ, ਸੁਨੀਤਾ, ਰਜਨੀ, ਸੋਨੀਆ, ਰੇਨੂ ਅਤੇ ਵੱਡੀ ਗਿਣਤੀ ਵਿੱਚ ਸਫਾਈ ਸੇਵਕ ਹਾਜ਼ਰ ਸਨ।