ਪਿੰਡ ਗੁੜੱਪੜ ’ ਚ ਤੀਆਂ ਦਾ ਤਿਉਹਾਰ ਮਨਾਇਆ
ਔੜ, 18 ਅਗਸਤ (ਗੁਰਨਾਮ ਸਿੰਘ ਸੈਣੀ) - ਤੀਆਂ ਦੇ ਤਿਉਹਾਰ ਦਾ ਨਾਂ ਲੈਂਦਿਆਂ ਹੀ ਕੁੜੀਆਂ ਚਿੜੀਆਂ ਦੇ ਮਨ ਅੰਦਰ ਸਾਵਣ ਮਹੀਨੇ ਦੇ ਛਰਾਟੇ ਵਾਂਗੂ ਇਕਦਮ ਸਰੂਰ ਜਿਹਾ ਭਰ ਜਾਂਦਾ ਹੈ। ਪਿੰਡਾਂ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਮਾਪਿਆਂ ਦੇ ਪਿੰਡ ਆ ਕੇ ਆਪਣੀਆਂ ਸਹੇਲੀਆਂ ਨਾਲ ਰਲ ਮਿਲ ਕੇ ਪਿੰਡ ਵਿੱਚ ਇਹ ਤਿਉਹਾਰ ਖੁਸ਼ੀ ਨਾਲ ਸਜ ਧਜ ਕੇ ਮਨਾਉਂਦੀਆਂ ਹਨ।
ਔੜ, 18 ਅਗਸਤ (ਗੁਰਨਾਮ ਸਿੰਘ ਸੈਣੀ) - ਤੀਆਂ ਦੇ ਤਿਉਹਾਰ ਦਾ ਨਾਂ ਲੈਂਦਿਆਂ ਹੀ ਕੁੜੀਆਂ ਚਿੜੀਆਂ ਦੇ ਮਨ ਅੰਦਰ ਸਾਵਣ ਮਹੀਨੇ ਦੇ ਛਰਾਟੇ ਵਾਂਗੂ ਇਕਦਮ ਸਰੂਰ ਜਿਹਾ ਭਰ ਜਾਂਦਾ ਹੈ। ਪਿੰਡਾਂ ਦੀਆਂ ਵਿਆਹੀਆਂ ਹੋਈਆਂ ਕੁੜੀਆਂ ਆਪਣੇ ਮਾਪਿਆਂ ਦੇ ਪਿੰਡ ਆ ਕੇ ਆਪਣੀਆਂ ਸਹੇਲੀਆਂ ਨਾਲ ਰਲ ਮਿਲ ਕੇ ਪਿੰਡ ਵਿੱਚ ਇਹ ਤਿਉਹਾਰ ਖੁਸ਼ੀ ਨਾਲ ਸਜ ਧਜ ਕੇ ਮਨਾਉਂਦੀਆਂ ਹਨ। ਇਸੇ ਤਰਾਂ ਪਿੰਡ ਗੁੜੱਪੜ ਦੀਆਂ ਕੁੜੀਆਂ ਵੱਲੋਂ ਇਕੱਠੀਆਂ ਹੋ ਕੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਤੀਆਂ ਦੇ ਤਿਉਹਾਰ ਦਾ ਉਦਘਾਟਨ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਵੱਲੋਂ ਕੀਤਾ ਗਿਆ ਉਹਨਾਂ ਪਿੰਡ ਦੀਆਂ ਧਿਆਣੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਇਹਨਾਂ ਸੁਆਣੀਆਂ ਵੱਲੋਂ ਪੁਰਾਣੇ ਸੱਭਿਆਚਾਰ ਗੀਤ, ਸੌਣ ਮਹੀਨੇ ਨਾਲ ਸਬੰਧਤ ਬੋਲੀਆਂ ਅਤੇ ਗੀਤ ਗਾ ਕੇ ਮਨ ਪਰਚਾਵਾ ਕੀਤਾ ਗਿਆ। ਇਸ ਮੌਕੇ ਛੋਟੇ-ਛੋਟੇ ਬੱਚਿਆਂ ਵੱਲੋਂ ਵੀ ਗਿੱਧਾ ਪਾਇਆ ਗਿਆ। ਇਸ ਤੋਂ ਇਲਾਵਾ ਛੋਟੇ-ਛੋਟੇ ਬੱਚਿਆਂ ਲਈ ਫਰੂਟੀਆਂ ਅਤੇ ਚਾਹ ਬਿਸਕੁਟ ਖੀਰ ਪੂੜੇ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਅਖੀਰ ’ਚ ਪਿੰਡ ਦੀਆਂ ਨੌਜਵਾਨ ਮੁਟਿਆਰਾਂ ਬੀਬੀਆਂ ਨੇ ਗਿੱਧੇ ਦੇ ਪਿੜ ਵਿੱਚ ਆ ਕੇ ਕਾਫੀ ਰੰਗ ਬੰਨ੍ਹਿਆ। ਸਮਾਗਮ ਦਾ ਸਭ ਤੋਂ ਭਾਵੁਕ ਪੱਖ ਉਹ ਰਿਹਾ ਜਦੋਂ ਵਿਆਹੀਆਂ ਹੋਈਆਂ ਔਰਤਾਂ ਚਿਰਾਂ ਬਾਅਦ ਆਪਣੇ ਪੇਕੇ ਪਿੰਡ ਦੀਆਂ ਸਹੇਲੀਆਂ ਨੂੰ ਮਿਲੀਆਂ ਜਿਨਾਂ ਨੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਅਤੇ ਪੀਂਘਾਂ ਝੂਟ ਕੇ ਪੁਰਾਣੀਆਂ ਯਾਦਾਂ ਨੂੰ ਤਾਜਾ ਕੀਤਾ। ਇਸ ਮੌਕੇ ਰਾਜਵਿੰਦਰ ਰੱਜੀ, ਮਨਜਿੰਦਰ ਕੌਰ, ਦਵਿੰਦਰ ਕੌਰ, ਰਾਜਵਿੰਦਰ ਕੌਰ, ਲਖਵੀਰ ਕੌਰ, ਜਗਦੀਸ਼ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਦੀਪੀ, ਪਰਵੀਨ ਕੌਰ, ਹਰਪ੍ਰੀਤ ਕੌਰ, ਪਰਮਜੀਤ ਕੌਰ, ਕਿਰਨਜੀਤ ਕੌਰ, ਸਤਵਿੰਦਰ ਸਿੰਘ ਸਰਪੰਚ ਤੇ ਬਲਵੀਰ ਸਿੰਘ ਪੰਚ ਆਦਿ ਵੀ ਹਾਜ਼ਰ ਸਨ।