ਨਸ਼ਾ ਤਸਕਰੀ ਵਿਰੁੱਧ ਧਰਨਾ ਲਾਉਣ ਵਾਲੇ ਕਮਲਜੀਤ ਸਾਜਨ ’ਤੇ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ
ਔੜ/ ਝਿੰਗੜਾਂ, 1 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਔੜ ਦੇ ਨਸ਼ਾ ਤਸਕਰਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਮਲਜੀਤ ਸਾਜਨ ਉੱਪਰ ਕਥਿਤ ਨਸ਼ਾ ਤਸਕਰਾਂ ਵਲੋਂ ਕੀਤੇ ਕਾਤਲਾਨਾ ਹਮਲੇ ਦੇ ਵਿਰੋਧ ਤੇ ਪਿੰਡ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸੀ. ਪੀ.
ਔੜ/ ਝਿੰਗੜਾਂ, 1 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਔੜ ਦੇ ਨਸ਼ਾ ਤਸਕਰਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਮਲਜੀਤ ਸਾਜਨ ਉੱਪਰ ਕਥਿਤ ਨਸ਼ਾ ਤਸਕਰਾਂ ਵਲੋਂ ਕੀਤੇ ਕਾਤਲਾਨਾ ਹਮਲੇ ਦੇ ਵਿਰੋਧ ਤੇ ਪਿੰਡ ਵਿਚ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸੀ. ਪੀ. ਆਈ. (ਐੱਮ. ਐੱਲ.) ਨਿਊ ਡੈਮੋਕਰੈਸੀ ਦੀ ਅਗਵਾਈ ਹੇਠ ਪਿੰਡ ਔੜ ਵਿਖੇ ਇਕ ਵੱਡੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. (ਐੱਮ. ਐੱਲ.) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ ਤੇ ਦਲਜੀਤ ਸਿੰਘ ਐਡਵੋਕੇਟ, ਸੀ. ਪੀ. ਆਈ. ਐਮ. ਦੇ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੌਲਤਪੁਰ, ਆਰ. ਐਮ. ਪੀ. ਆਈ. ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਦੌੜਕਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ 19 ਅਗਸਤ ਰਾਤ ਨੂੰ ਧਰਨੇ ’ਤੇ ਬੈਠੇ ਕਮਲਜੀਤ ਸਾਜਨ ਉੱਪਰ ਹਮਲਾ ਕਰਕੇ ਉਸ ਦੀਆਂ ਲੱਤਾਂ ਤੇ ਬਾਹਾਂ ਤੋੜ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਗੰਭੀਰ ਘਟਨਾ ਦੇ ਬਾਵਜੂਦ ਪੁਲਿਸ ਵਲੋਂ ਕਥਿਤ ਦੋਸ਼ੀਆਂ ਖ਼ਿਲਾਫ਼ ਅਜੇ ਤੱਕ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਹੈ। ਬੁਲਾਰਿਆਂ ਨੇ ਕਿਹਾ ਕਿ ਨਸ਼ਿਆਂ ਦਾ ਫੈਲਾਅ ਸਿਰਫ਼ ਨੌਜਵਾਨਾਂ ਦੀ ਜ਼ਿੰਦਗੀ ਨੂੰ ਤਬਾਹ ਨਹੀਂ ਕਰ ਰਿਹਾ, ਸਗੋਂ ਇਸ ਨਾਲ ਪਿੰਡਾਂ ਦੇ ਸਮਾਜਿਕ ਮਾਹੌਲ ’ਤੇ ਵੀ ਗੰਭੀਰ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਮਲਜੀਤ ਸਾਜਨ ’ਤੇ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਔੜ ਤੇ ਆਸ-ਪਾਸ ਦੇ ਇਲਾਕੇ ਵਿਚ ਨਸ਼ਿਆਂ ਦੇ ਖ਼ਿਲਾਫ਼ ਇਕ ਵੱਡਾ ਲੋਕ ਅੰਦੋਲਨ ਖੜ੍ਹਾ ਕੀਤਾ ਜਾਵੇਗਾ। ਮੀਟਿੰਗ ਵਿਚ 18 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਦੀ ਅਗਵਾਈ ਵਿੱਚ ਨਸ਼ਾ ਤਸਕਰੀ ਵਿਰੁੱਧ ਤੇ ਕਮਲਜੀਤ ਸਾਜਨ ਦੇ ਹਮਲਾਵਰਾਂ ਵਿਰੁੱਧ ਕਾਰਵਾਈ ਕਰਾਉਣ ਲਈ ਸੰਘਰਸ਼ ਲੜਿਆ ਜਾਵੇਗਾ। ਕਮਲਜੀਤ ਸਾਜਨ ਦੇ ਮਾਮਲੇ ਵਿਚ 3 ਸਤੰਬਰ ਨੂੰ ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨਗਰ ਨੂੰ ਇਕ ਵਫਦ ਮਿਲੇਗਾ ਅਤੇ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕਰੇਗਾ। ਦਲਜੀਤ ਸਿੰਘ ਐਡਵੋਕੇਟ, ਮੋਹਨ ਸਿੰਘ, ਚਰਨਜੀਤ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਸਿੰਘ ਵੜੈਚ, ਕਸ਼ਮੀਰਾ ਸਿੰਘ ਬੇਗੋਵਾਲ, ਸੁਖਦੇਵ ਸਿੰਘ ਗਰਚਾ, ਸੁਰਿੰਦਰ ਸਿੰਘ ਮਹਿਰਮਪੁਰ, ਨਿਰਮਲ ਸਿੰਘ, ਕਮਲਜੀਤ ਸਾਜਨ, ਪ੍ਰਸ਼ੋਤਮ ਸ਼ੋਤੀ, ਮਨੋਹਰ ਲਾਲ ਮੱਲ੍ਹਾ ਬੇਦੀਆਂ, ਅਮਰਜੀਤ ਸਿੰਘ ਗੜੁਪੜ, ਬੂਟਾ ਸਿੰਘ ਮਹਿਮੂਦਪੁਰ, ਕ੍ਰਿਸ਼ਨ ਕੁਮਾਰ ਬੇਗੋਵਾਲ, ਸ਼ਵਿੰਦਰ ਸਿੰਘ ਔੜ, ਕਮਲਜੀਤ ਸਰਪੰਚ ਔੜ ਤੇ ਹਰਪਾਲ ਸਿੰਘ ਜਗਤਪੁਰ ਇਸ ਕਮੇਟੀ ਦੇ ਮੈਂਬਰ ਬਣੇ। ਇਸ ਮੌਕੇ ਹਰਪਾਲ ਸਿੰਘ ਜਗਤਪੁਰ, ਸ਼ਕੁੰਤਲਾ ਸਰੋਏ, ਹਰੀ ਰਾਮ ਰਸੂਲਪੁਰੀ ਨੇ ਵੀ ਵਿਚਾਰ ਪ੍ਰਗਟ ਕੀਤੇ। ਤਸਵੀਰ 01 ਨਵਾਂਸ਼ਹਿਰ 18 ਕਸਬਾ ਔੜ ਵਿਖੇ ਸੀ. ਪੀ. ਆਈ. (ਐੱਮ. ਐੱਲ.) ਨਿਊ ਡੈਮੋਕਰੈਸੀ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਬੁਲਾਰੇ।