ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਵਲੋਂ ਸੋਨ ਤਗਮਾ ਜੇਤੂ ਗੁਰਬਾਜ ਸਿੰਘ ਬਾਜ ਨੂੰ ਸ਼ੁੱਭਕਾਮਨਾਵਾਂ ਭੇਟ
ਬਲਾਚੌਰ, 22 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸੀ. ਟੀ.
ਬਲਾਚੌਰ, 22 ਸਤੰਬਰ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਸੀ. ਟੀ. ਯੂਨੀਵਰਸਿਟੀ ਲੁਧਿਆਣਾ ਵਿਖੇ 18 ਤੋਂ 20 ਸਤੰਬਰ ਤੱਕ ਕਰਵਾਈ ਦੂਜੀ ਨੈਸ਼ਨਲ ਅਰਾਸ਼ੀ ਐਮ. ਐਮ. ਏ. ਚੈਂਪੀਅਨਸ਼ਿਪ-2026 ਵਿਚ ਹੋਣਹਾਰ ਕਿੱਕ ਬਾਕਸਰ ਫਾਈਟਰ ਗੁਰਬਾਜ ਸਿੰਘ ਬਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਸੋਨ ਤਗਮਾ ਜਿੱਤ ਕੇ ਆਪਣੇ ਪਿੰਡ, ਜ਼ਿਲ੍ਹੇ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਚੈਂਪੀਅਨਸ਼ਿਪ ਦੌਰਾਨ ਗੁਰਬਾਜ਼ ਸਿੰਘ ਬਾਜ ਨੇ ਆਪਣੀ ਬਿਹਤਰੀਨ ਖੇਡ, ਮਜ਼ਬੂਤ ਤਕਨੀਕ ਤੇ ਦ੍ਰਿੜ ਹੌਂਸਲੇ ਦਾ ਪ੍ਰਦਰਸ਼ਨ ਕਰਦਿਆਂ ਵਿਰੋਧੀ ਖਿਡਾਰੀਆਂ ਨੂੰ ਸਖ਼ਤ ਟੱਕਰ ਦਿੱਤੀ ਅਤੇ ਸੋਨ ਤਗਮਾ ਆਪਣੇ ਨਾਂਅ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਜਿਥੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਸੂਰੀ ਹਸਪਤਾਲ ਬਲਾਚੌਰ ਵਿਖੇ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਨਾਲ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਕਾਰਨ ਸੂਰੀ ਹਸਪਤਾਲ ਦੇ ਸਮੁੱਚੇ ਸਟਾਫ ਮੈਂਬਰ ਵੀ ਵੱਡਾ ਮਾਣ ਮਹਿਸੂਸ ਕਰ ਰਹੇ ਹਨ। ਗੁਰਬਾਜ਼ ਸਿੰਘ ਬਾਜ ਨੇ ਵੱਡੀ ਖੁਸ਼ੀ ਜਾਹਿਰ ਕਰਦਿਆਂ ਹੋਇਆਂ ਕਿਹਾ ਕਿ ਮੇਰੀ ਇਸ ਕਾਮਯਾਬੀ ਲਈ ਜਿਥੇ ਮੇਰੇ ਵਲੋਂ ਕੀਤੀ ਸਖਤ ਮਿਹਨਤ ਕਾਰਗਰ ਸਾਬਤ ਹੋਈ ਹੈ ਉਥੇ ਕੋਚ ਜਗਜੀਤ ਸਿੰਘ ਠੀਕਰੀਵਾਲ ਦੀ ਸੁਚੱਜੀ ਸਿਖਲਾਈ ਤੇ ਡਾ. ਭੁਪਿੰਦਰਜੀਤ ਸਿੰਘ ਸੂਰੀ ਵਲੋਂ ਦਿੱਤੇ ਗਏ ਵੱਡੇ ਸਹਿਯੋਗ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ ਹੈ। ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਗੁਰਬਾਜ਼ ਸਿੰਘ ਬਾਜ ਨੂੰ ਸੋਨ ਤਗਮਾ ਜਿੱਤਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਤੇ ਲਗਨ ਨਾਲ ਨੌਜਵਾਨ ਖਿਡਾਰੀ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਗੁਰਬਾਜ ਸਿੰਘ ਬਾਜ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਡਾ. ਅਮਨਦੀਪ ਕੌਰ ਸੂਰੀ, ਕੁਲਦੀਪ ਸਿੰਘ ਸੈਣੀ, ਸੋਢੀ ਮੰਢਿਆਣੀ, ਮੱਖਣ ਸਿੰਘ ਸਿੱਧੂ ਮੌਜੋਵਾਲ ਮਜਾਰਾ ਅਤੇ ਸਮੁੱਚੇ ਸਟਾਫ ਮੈਂਬਰ ਹਾਜ਼ਰ ਸਨ।