ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ ਵਿਖੇ ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ ਮਨਾਇਆ
ਗੁਣਾਚੌਰ, 18 ਅਕਤੂਬਰ (ਅਮਰੀਕ ਕਟਾਰੀਆ)-ਪੀ. ਐਮ.
ਗੁਣਾਚੌਰ, 18 ਅਕਤੂਬਰ (ਅਮਰੀਕ ਕਟਾਰੀਆ)-ਪੀ. ਐਮ. ਸ੍ਰੀ ਸਰਕਾਰੀ ਹਾਈ ਸਕੂਲ, ਗੁਣਾਚੌਰ ਵਿਖੇ ਵਿਦਿਆਰਥੀਆਂ ਨੂੰ ਡਿਜੀਟਲ ਦੁਨੀਆ ਵਿਚ ਸੁਰੱਖਿਅਤ ਰਹਿਣ ਦਾ ਸੰਦੇਸ਼ ਦੇਣ ਲਈ ਸਾਈਬਰ ਸੁਰੱਖਿਆ ਜਾਗਰੂਕਤਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਉਦੇਸ਼ ਬੱਚਿਆਂ ਨੂੰ ਦਿਨੋ-ਦਿਨ ਵਧ ਰਹੇ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਕਰਨਾ ਤੇ ਇੰਟਰਨੈੱਟ ਦੀ ਸਹੀ ਤੇ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦੇਣਾ ਸੀ। ਸਮਾਗਮ ਦੌਰਾਨ ਸਕੂਲ ਸਟਾਫ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਾਈਬਰ ਫਰਾਡ, ਜਿਵੇਂ ਕਿ ਫ਼ਰਜ਼ੀ ਕਾਲਾਂ, ਲਾਟਰੀ ਦੇ ਨਾਂਅ ’ਤੇ ਹੋਣ ਵਾਲੀ ਧੋਖਾਧੜੀ ਤੇ ਸੋਸ਼ਲ ਮੀਡੀਆ ਰਾਹੀਂ ਹੋਣ ਵਾਲੇ ਨੁਕਸਾਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਬੱਚਿਆਂ ਨੂੰ ਇਨ੍ਹਾਂ ਖ਼ਤਰਿਆਂ ਤੋਂ ਬਚਣ ਦੇ ਤਰੀਕੇ ਵੀ ਸਿਖਾਏ ਗਏ, ਜਿਸ ਵਿੱਚ ਮਜ਼ਬੂਤ ਪਾਸਵਰਡ ਰੱਖਣਾ, ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰਨਾ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨਾ ਸ਼ਾਮਲ ਸੀ। ਇਸ ਮੌਕੇ ਸਾਈਬਰ ਜਾਗਰੂਕਤਾ ਗਤੀਵਿਧੀਆਂ ਦੇ ਅਧੀਨ ਸਕੂਲ ਵਿਚ ਇਕ ਚਾਰਟ ਮੇਕਿੰਗ ਮੁਕਾਬਲਾ ਵੀ ਕਰਵਾਇਆ। ਮੁਕਾਬਲੇ ਵਿਚ ਵਿਦਿਆਰਥੀਆਂ ਨੇ ਬੜੀ ਦਿਲਚਸਪੀ ਨਾਲ ਹਿੱਸਾ ਲਿਆ ਤੇ ਰੰਗ-ਬਿਰੰਗੇ ਚਾਰਟਾਂ ਰਾਹੀਂ ਸਾਈਬਰ ਸੁਰੱਖਿਆ ਦੇ ਨਿਯਮਾਂ ਅਤੇ ਆਨਲਾਈਨ ਫਰਾਡ ਤੋਂ ਬਚਣ ਦੇ ਸੁਨੇਹਿਆਂ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕੀਤਾ। ਸਕੂਲ ਮੁਖੀ ਨੇ ਵਿਦਿਆਰਥੀਆਂ ਵਲੋਂ ਬਣਾਏ ਚਾਰਟਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੱਜ ਦੇ ਤਕਨੀਕੀ ਦੌਰ ਵਿਚ ਅਜਿਹੀ ਜਾਗਰੂਕਤਾ ਬਹੁਤ ਜ਼ਰੂਰੀ ਹੈ ਤਾਂ ਜੋ ਬੱਚੇ ਸੁਰੱਖਿਅਤ ਰਹਿ ਕੇ ਇੰਟਰਨੈੱਟ ਦਾ ਲਾਭ ਉਠਾ ਸਕਣ। ਇਸ ਮੌਕੇ ਮੁੱਖ ਅਧਿਆਪਕ ਅਮਨਪ੍ਰੀਤ ਸਿੰਘ ਜੌਹਰ, ਕੁਲਦੀਪ ਸਿੰਘ, ਠਾਕੁਰ ਦਾਸ, ਪ੍ਰਵੀਨ ਲਤਾ, ਲੁਬਾਨਾ ਤਸਨੀਮ, ਕੁਸਮ ਕੁਮਾਰੀ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਅਸ਼ੋਕ ਕੁਮਾਰ, ਪਵਨ ਕੁਮਾਰ ਤੇ ਸਤਵਿੰਦਰ ਸਿੰਘ ਮੌਜੂਦ ਸਨ।