ਫ਼ਤਹਿਗੜ੍ਹ ਸਾਹਿਬ, 3 ਜਨਵਰੀ (ਮਨਪ੍ਰੀਤ ਸਿੰਘ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਲਾਸਾਨੀ ਸ਼ਹਾਦਤ ਨਾ ਭੁੱਲਣਯੋਗ ਹੈ, ਕਿਉਂਕਿ ਸੂਬਾ ਸਰਹਿੰਦ ਨੇ ਬਾਬਾ ਮੋਤੀ ਰਾਮ ਮਹਿਰਾ, ਜਿਨ੍ਹਾਂ ਨੇ ਠੰਡੇ ਬੁਰਜ ਵਿਚ ਕੈਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗਰਮ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ, ਨੂੰ ਪਰਿਵਾਰ ਸਮੇਤ ਕੋਹਲੂ ਵਿਚ ਜ਼ਿੰਦਾ ਪਿੜਵਾ ਕੇ ਸ਼ਹੀਦ ਕਰ ਦਿੱਤਾ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸ.ਐੱਸ ਨੇ ਦੱਸਿਆ ਕਿ ਸਮਾਜ ਦੀਆਂ ਸਮੂਹ ਸੰਸਥਾਵਾਂ ਨੇ ਕੀਤੀ ਖੋਜ ਦੇ ਆਧਾਰ 'ਤੇ 3 ਜਨਵਰੀ ਨੂੰ ਹੀ ਪੱਕੇ ਤੌਰ 'ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਢਾਡੀਆਂ ਨੇ ਜੁੜੀਆਂ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ, ਜਦੋਂਕਿ ਬਾਬਾ ਪਰਮਿੰਦਰ ਸਿੰਘ ਸੰਧੂਆਂ ਵਾਲਿਆਂ ਨੇ ਦੀਵਾਨ ਸਜਾਏ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਜੀਵਨ, ਸੇਵਾ ਤੇ ਸ਼ਹਾਦਤ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਉਨ੍ਹਾਂ ਇਸ ਮੌਕੇ ਦੀਵਾਨ ਟੋਡਰ ਮੱਲ ਜੀ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀ ਯਾਦ ਵਿਚ ਹਵੇਲੀ ਦਾ ਕੰਮ ਭਾਵੇਂ ਦੇਰ ਨਾਲ ਚੱਲਿਆ ਪਰ ਉਹ ਵੀ ਸਾਡੇ ਮਨਾਂ ਵਿਚ ਵੱਡਾ ਸਤਿਕਾਰ ਰੱਖਦੇ ਹਨ | ਚੇਅਰਮੈਨ ਨਿਰਮਲ ਸਿੰਘ ਨੇ ਸ਼ਹੀਦੀ ਸਭਾ ਮੌਕੇ ਪ੍ਰਬੰਧਕਾਂ ਤੇ ਸੇਵਾਦਾਰਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਵੀ ਕੀਤਾ | ਇਸ ਮੌਕੇ ਬਲਦੇਵ ਸਿੰਘ ਦੁਸਾਂਝ, ਪਰਮਜੀਤ ਸਿੰਘ ਖੰਨਾ, ਬਲਜਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪਰਿਵਾਰ ਦੀ ਸਿਦਕਦਿਲੀ ਤੇ ਗੁਰੂ ਪ੍ਰਤੀ ਸ਼ਰਧਾ ਸਤਿਕਾਰ ਬਾਰੇ ਦੱਸਿਆ ਅਤੇ ਸ਼ਹੀਦੀ ਸਭਾ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਾਉਣ ਲਈ ਵੀ ਕਿਹਾ | ਅੱਜ ਦੇ ਸ਼ਹੀਦੀ ਸਮਾਗਮ ਜੈ ਕਿ੍ਸ਼ਨ ਕਸ਼ਿਅਪ, ਸੂਬੇਦਾਰ ਦਰਸ਼ਨ ਸਿੰਘ, ਕੁਲਦੀਪ ਸਿੰਘ ਜੰਮੂ, ਮੈਨੇਜਰ ਨਵਜੋਤ ਸਿੰਘ, ਰਾਜਕੁਮਾਰ ਪਾਤੜਾਂ, ਸੰਦੀਪ ਕੌਰ ਚੰਡੀਗੜ੍ਹ, ਗੁਰਚਰਨ ਸਿੰਘ ਧਨੌਲਾ, ਬਲਦੇਵ ਸਿੰਘ ਲੁਹਾਰਾ, ਕੈਪਟਨ ਤਰਸੇਮ ਸਿੰਘ, ਪ੍ਰੇਮ ਸਿੰਘ ਸਾਂਤ, ਮਹਿੰਦਰ ਸਿੰਘ ਮੋਰਿੰਡਾ, ਜਰਨੈਲ ਸਿੰਘ ਮੁੱਲਾਂਪੁਰ, ਤਰਸੇਮ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਕਰਨੈਲ ਸਿੰਘ, ਪਖੀਰ ਸਿੰਘ, ਮਹਿੰਦਰ ਸਿੰਘ ਖੰਨਾ, ਕੁਲਦੀਪ ਸਿੰਘ ਜੇ.ਈ., ਜੋਗਿੰਦਰਪਾਲ ਸਿੰਘ ਵੀ ਹਾਜ਼ਰ ਸਨ |