ਸ਼ਾਹਕੋਟ (ਜਲੰਧਰ), 10 ਨਵੰਬਰ (ਏ.ਐੱਸ.ਅਰੋੜਾ) - ਨਜ਼ਦੀਕੀ ਜਲੰਧਰ-ਮੋਗਾ ਨੈਸ਼ਨਲ ਹਾਈਵੇ ’ਤੇ ਇਕ ਫਲਾਈਓਵਰ ਨਜ਼ਦੀਕ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਅੱਧੀ ਦਰਜਨ ਤੋਂ ਵੱਧ ਵਾਹਨ ਆਪਸ ਵਿਚ ਟਕਰਾ ਗਏ। ਹਾਦਸੇ ’ਚ ਇਕ ਕਾਰ ਦੇ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੱਖ-ਵੱਖ ਵਾਹਨਾਂ ’ਚ ਸਵਾਰ ਕਰੀਬ 10 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 6.30 ਵਜੇ ਸਵੇਰੇ ਧੂੰਏਂ ਅਤੇ ਸੰਘਣੀ ਧੁੰਦ ਪੈਣ ਕਾਰਨ ਮੋਗਾ ਤੋਂ ਜਲੰਧਰ ਵੱਲ ਜਾ ਰਿਹਾ ਟਿੱਪਰ ਸ਼ਾਹਕੋਟ ਦੇ ਪਹਿਲੇ ਫਲਾਈਓਵਰ ਤੋਂ ਉੱਤਰਦੇ ਸਾਰ ਹੀ ਕਿਸੇ ਵੱਡੇ ਵਾਹਨ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਕੇ ਸੜਕ ’ਤੇ ਖੜ੍ਹਾ ਹੋ ਗਿਆ। ਇਸੇ ਦੌਰਾਨ ਬਠਿੰਡਾ ਤੋਂ ਹੁਸ਼ਿਆਰਪੁਰ ਵੱਲ ਜਾ ਰਹੀ ਨਿਸਾਨ ਟੈਰਾਨੋ ਕਾਰ ਧੁੰਦ ਕਾਰਨ ਸੜਕ ਦੇ ਵਿਚਾਲੇ ਖੜ੍ਹੇ ਟਿੱਪਰ ਦੇ ਪਿਛਲੇ ਪਾਸੇ ਬੁਰੀ ਤਰ੍ਹਾਂ ਟਰਕਾ ਕੇ ਘੁੰਮ ਗਈ। ਇਸ ਕਾਰ ਨੂੰ ਪ੍ਰਗਟ ਸਿੰਘ ਵਾਸੀ ਡੱਬਵਾਲੀ (ਬਠਿੰਡਾ) ਚਲਾ ਰਿਹਾ ਸੀ। ਕਾਰ ਵਿਚ ਮਨੋਜ ਕੁਮਾਰ ਪੁੱਤਰ ਪ੍ਰਦੀਪ ਕੁਮਾਰ ਵਾਸੀ ਡੱਬਵਾਲੀ, ਕਾਜਲ ਮਿੱਤਲ ਪੁੱਤਰੀ ਹਰੀਸ਼ ਮਿੱਤਲ ਵਾਸੀ ਬਠਿੰਡਾ, ਸੰਜੇ ਪੁੱਤਰ ਹੋਲਾ ਰਾਮ ਵਾਸੀ ਬਠਿੰਡਾ ਅਤੇ ਹਰਦੇਵ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਠਿੰਡਾ ਸਵਾਰ ਸਨ। ਇਹ ਸਾਰੇ ਬੈਂਕ ਅਤੇ ਡਾਕਖਾਨੇ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ। ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਕਾਰ ਚਾਲਕ ਪ੍ਰਗਟ ਸਿੰਘ ਬੁਰੀ ਤਰ੍ਹਾਂ ਫਸ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਬਾਕੀ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।
ਇਸੇ ਦੌਰਾਨ ਲਖਬੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਵੀ ਆਪਣੀ ਪਤਨੀ ਕਿਰਨਜੀਤ ਕੌਰ, ਧੀਆਂ ਕੋਮਲਪ੍ਰੀਤ ਕੌਰ ਤੇ ਅਮਨਦੀਪ ਕੌਰ ਅਤੇ ਪੁੱਤਰ ਸਾਹਿਲਪ੍ਰੀਤ ਸਿੰਘ ਸਮੇਤ ਆਪਣੀ ਆਲਟੋ ਕਾਰ ਰਾਹੀਂ ਬਾਘਾ ਪੁਰਾਣਾ ਤੋਂ ਪ੍ਰਤਾਪਪੁਰਾ (ਜਲੰਧਰ) ਜਾ ਰਹੇ ਸਨ। ਉਨ੍ਹਾਂ ਦੀ ਕਾਰ ਵੀ ਅੱਗੇ ਖੜ੍ਹੇ ਟਿੱਪਰ ਨਾਲ ਜਾ ਟਕਰਾਈ, ਜਿਸ ਕਾਰਨ ਪਰਿਵਾਰ ਦੇ ਪੰਜੇ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇਕ ਹੋਰ ਆਲਟੋ ਕਾਰ, ਜਿਸ ਵਿਚ ਸਵਾਰ ਬੱਚਾ ਅਰਸ਼ਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਲੰਗੇਵਾਲ (ਸ਼ਾਹਕੋਟ) ਸਵਾਰ ਸੀ, ਵੀ ਹਾਦਸਾਗ੍ਰਸਤ ਵਾਹਨਾਂ ਨਾਲ ਜਾ ਟਕਰਾਈ। ਟੱਕਰ ਕਾਰਨ ਕਾਰ ਪਲਟ ਗਈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਕਾਰ ਨੂੰ ਸਿੱਧਾ ਕਰਕੇ ਉਸ ਵਿਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿਚ ਅਰਸ਼ਦੀਪ ਸਿੰਘ ਜ਼ਖ਼ਮੀ ਹੋ ਗਿਆ। ਇਸ ਹਾਦਸੇ ਵਿਚ ਨਿਸ਼ਾਨ ਟੈਰਾਨੋ ਕਾਰ, ਆਲਟੋ ਕਾਰ, ਟੋਇਟਾ ਕੋਰੋਲਾ ਆਲਟਿਸ ਕਾਰ, ਆਲਟੋ ਕੇ-10 ਕਾਰ ਅਤੇ ਆਲਟੋ ਕਾਰ ਸਮੇਤ ਕਈ ਵਾਹਨ ਹਾਦਸਾਗ੍ਰਸਤ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ’ਤੇ ਡਾਇਲ 108 ਐਂਬੂਲੈਂਸ ਦੇ ਚਾਲਕ ਰਾਹੁਲ ਅਤੇ ਈ.ਐਮ.ਟੀ. ਗੁਰਜਿੰਦਰ ਸਿੰਘ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਪਹੁੰਚਾਇਆ। ਹਸਪਤਾਲ ਦੇ ਸਟਾਫ਼ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਹਾਦਸੇ ਤੋਂ ਡੇਢ ਘੰਟੇ ਬਾਅਦ ਸਵੇਰੇ ਕਰੀਬ 8 ਵਜੇ ਨਵੀਂ ਡਿਊਟੀ ’ਤੇ ਪਹੁੰਚੇ ਡਾਕਟਰ ਨੇ ਜ਼ਖ਼ਮੀਆਂ ਦਾ ਇਲਾਜ਼ ਸ਼ੁਰੂ ਕੀਤਾ। ਜ਼ਖ਼ਮੀਆਂ ਦੀ ਹਾਲਤ ਗੰਭੀਰ ਦੇਖਦਿਆਂ ਕੁਝ ਨੂੰ ਰੈਫਰ ਕਰ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਸਬ-ਇੰਸਪੈਕਟਰ ਸੁਖਵਿੰਦਰ ਪਾਲ ਸੋਢੀ, ਏ.ਐਸ.ਆਈ. ਸਰਵਨ ਸਿੰਘ, ਪੁਲਿਸ ਹੈਲਪਲਾਈਨ ਨੰਬਰ 112 ਦੇ ਏ.ਐਸ.ਆਈ. ਸੁਖਦੇਵ ਸਿੰਘ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਵਲੋਂ ਮ੍ਰਿਤਕ ਕਾਰ ਚਾਲਕ ਪ੍ਰਗਟ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ।ਇਸ ਸੰਬੰਧੀ ਐਸ.ਐਚ.ਓ ਸੁਖਵਿੰਦਰ ਪਾਲ ਸੋਢੀ ਨੇ ਦੱਸਿਆ ਕਿ ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਗੰਭੀਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਮਾਮੂਲੀ ਸੱਟਾਂ ਲੱਗਣ ਵਾਲੇ ਵਿਅਕਤੀਆਂ ਨੂੰ ਇਲਾਜ ਉਪਰੰਤ ਘਰ ਭੇਜ ਦਿੱਤਾ ਗਿਆ ਹੈ। ਟਿੱਪਰ ਚਾਲਕ ਬਾਰੇ ਵੀ ਕੁੱਝ ਪਤਾ ਨਹੀਂ ਲੱਗਾ, ਜਿਸਦੀ ਭਾਲ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਸੰਘਣੀ ਧੁੰਦ ਕਾਰਨ ਅੱਧੀ ਦਰਜਨ ਤੋਂ ਵੱਧ ਵਾਹਨ ਆਪਸ ’ਚ ਟਕਰਾਏ, ਇਕ ਦੀ ਮੌਤ-ਬੱਚੇ ਸਮੇਤ 10 ਗੰਭੀਰ ਜ਼ਖਮੀ
ਸ਼ਾਹਕੋਟ (ਜਲੰਧਰ), 10 ਨਵੰਬਰ (ਏ.ਐੱਸ.ਅਰੋੜਾ) - ਨਜ਼ਦੀਕੀ ਜਲੰਧਰ-ਮੋਗਾ ਨੈਸ਼ਨਲ ਹਾਈਵੇ ’ਤੇ ਇਕ ਫਲਾਈਓਵਰ ਨਜ਼ਦੀਕ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਭਿਆਨਕ ਸੜਕ ਹਾਦਸਾ ਵਾਪਰ...
ਅਜੀਤ ਡੈਸਕ
10-11-2026