ਮੰਡੀ ਗੋਬਿੰਦਗੜ੍ਹ, 3 ਜਨਵਰੀ (ਰਾਜੇਸ਼ ਸ਼ਰਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਜਿਹੜੇ ਵੀ ਵਾਅਦੇ ਕੀਤੇ ਸਨ, ਉਸ ਵਿਚ ਜ਼ਿਆਦਾਤਰ ਵਾਅਦੇ ਮੁੱਖਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਪੂਰੇ ਕੀਤੇ ਜਾ ਚੁੱਕੇ ਹਨ ਤੇ ਜਿਹੜੇ ਵਾਅਦੇ ਰਹਿ ਗਏ ਹਨ, ਉਹ ਵੀ ਇਸ ਨਵੇਂ ਸਾਲ ਦੌਰਾਨ ਪੂਰੇ ਕੀਤੇ ਜਾਣਗੇ | ਜਿਨ੍ਹਾਂ ਵਿਚ ਸਿੱਖਿਆ ਅਤੇ ਸਿਹਤਮੰਦ ਪੰਜਾਬ ਦਾ ਜੋ ਵਾਅਦਾ ਸੀ ਉਹ ਜਲਦ ਪੂਰਾ ਹੋਣ ਜਾ ਰਿਹਾ ਹੈ, ਜਿਸ ਵਿਚ ਪੰਜਾਬ ਦੇ ਹਰ ਵਿਅਕਤੀ ਲਈ 10 ਲੱਖ ਦਾ ਬੀਮਾ ਮੁੱਖ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਸਥਾਨਕ ਮੇਨ ਬਾਜ਼ਾਰ ਵਿਖੇ ਸੀਨੀਅਰ 'ਆਪ' ਨੇਤਾ ਸਮਾਜ ਸੇਵਕ ਕਿ੍ਸ਼ਨ ਵਰਮਾ ਬੌਬੀ ਅਤੇ ਕੌਂਸਲਰ ਰਾਧਿਕਾ ਵਰਮਾ ਦੀ ਅਗਵਾਈ ਵਿਚ ਨਵੇਂ ਸਾਲ ਮੌਕੇ ਲਗਾਏ ਪਿਸਤਾ ਬਦਾਮ ਵਾਲੇ ਗਰਮ ਦੁੱਧ ਅਤੇ ਰਸ ਦੇ ਲੰਗਰ ਨੂੰ ਵਰਤਾਉਣ ਦੀ ਸੇਵਾ ਮੌਕੇ ਕੀਤਾ | ਇਸ ਲੰਗਰ ਸੇਵਾ ਮੌਕੇ ਵਿਧਾਇਕ ਬੜਿੰਗ ਨਾਲ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪਿ੍ੰਸ ਵੀ ਮੌਜੂਦ ਰਹੇ | ਇਸ ਮੌਕੇ ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ | ਵਿਧਾਇਕ ਬੜਿੰਗ ਨੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਹਲਕੇ ਅਤੇ ਸ਼ਹਿਰ ਦੀ ਬਿਹਤਰੀ ਲਈ ਜੇਕਰ ਇਸੇ ਤਰ੍ਹਾਂ ਨਾਲ ਲੋਕਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਉਹ ਹਲਕੇ ਅਤੇ ਸ਼ਹਿਰ ਮੰਡੀ ਗੋਬਿੰਦਗੜ੍ਹ ਨੂੰ ਬਿਨਾਂ ਪੱਖਪਾਤ ਤੋਂ ਵਿਕਾਸ ਦੀਆਂ ਲੀਹਾਂ 'ਤੇ ਲੈ ਜਾਣਗੇ | ਇਸ ਮੌਕੇ ਕਿ੍ਸ਼ਨ ਕਾਂਤ ਖੁਰਮੀ, ਰਮਨ ਤਾਂਗੜੀ, ਸੰਦੀਪ ਸਦਾਨਾ, ਦੀਪਕ ਸੱਗੜ, ਕੇਸ਼ਵ ਵਰਮਾ, ਦਿਵਿਆਂਸ਼ੁ ਵਰਮਾ, ਵਰੁਣ ਸ਼ਰਮਾ, ਸੁਨੀਲ ਭਾਰਦਵਾਜ਼, ਵਿਕਾਸ ਸ਼ਾਹੀ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਰਾਜੇਸ਼ ਕੁਮਾਰ ਛੋਟੂ, ਸ਼ਿਲਪੀ ਗੋਇਲ, ਅਲੀਸ਼ਾ ਵਰਮਾ, ਰਿਤੂ ਸਿੰਗਲਾ, ਨਿਸ਼ਾ ਮਿੱਤਲ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਅਤੇ 'ਆਪ' ਪਾਰਟੀ ਦੇ ਨੇਤਾ ਅਤੇ ਵਰਕਰ ਹਾਜ਼ਰ ਸਨ |