ਖਮਾਣੋਂ, 4 ਜਨਵਰੀ (ਜੋਗਿੰਦਰ ਪਾਲ)-ਡਾ. ਨਰੇਸ਼ ਚੌਹਾਨ ਸੀਨੀਅਰ ਕਾਂਗਰਸ ਆਗੂ ਸਾਬਕਾ ਐੱਸ.ਐੱਮ.ਓ. ਅਤੇ ਪੂਨਮ ਸਿੰਘ ਸਕੱਤਰ ਪੰਜਾਬ ਮਹਿਲਾ ਕਾਂਗਰਸ ਨੇ ਅੱਜ 'ਇਕ ਦਿਨ ਮੇਰਾ ਪਿੰਡ' ਦੀ ਮੁਹਿੰਮ ਤਹਿਤ ਮਨੈਲੀ ਪਿੰਡ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਮਨਰੇਗਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਕੇਂਦਰ ਸਰਕਾਰ ਦੁਆਰਾ ਮਨਰੇਗਾ ਬੰਦ ਕਰਨ 'ਤੇ ਰੋਸ ਪ੍ਰਗਟ ਕੀਤਾ | ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਗ਼ਰੀਬ ਲੋਕਾਂ ਵਿਚ ਮਨਰੇਗਾ ਬੰਦ ਹੋਣ ਕਾਰਨ ਬਹੁਤ ਗ਼ੁੱਸਾ ਹੈ ਕਿਉਂਕਿ ਕਾਂਗਰਸ ਸਰਕਾਰ ਦੁਆਰਾ ਚਲਾਈ ਗਈ ਮਨਰੇਗਾ ਗ਼ਰੀਬ ਲੋਕਾਂ ਲਈ 100 ਦਿਨ ਦਾ ਰੁਜ਼ਗਾਰ ਸੀ ਅਤੇ ਕਾਨੂੰਨ ਦੇ ਤਹਿਤ ਆਪਣਾ ਪੈਸਾ ਲੈ ਸਕਦੇ ਸਨ | ਕੇਂਦਰ ਸਰਕਾਰ ਦੁਆਰਾ ਬਣਾਈ ਗਈ ਨਵੀਂ ਸਕੀਮ ਤਹਿਤ ਸਿਰਫ਼ ਕੇਂਦਰ ਸਰਕਾਰ ਕੋਲ ਹੀ ਸਾਰੀ ਪਾਵਰ ਹੋਵੇਗੀ ਅਤੇ ਇਸ ਵਿਚ ਹੁਣ 60 ਫ਼ੀਸਦੀ ਕੇਂਦਰ ਅਤੇ 40 ਫ਼ੀਸਦੀ ਸੂਬਾ ਸਰਕਾਰ ਪਾਏਗੀ ਜੋ ਕਿ ਪਹਿਲਾਂ 90 ਫ਼ੀਸਦੀ ਕੇਂਦਰ ਸਰਕਾਰ ਅਤੇ 10 ਫ਼ੀਸਦੀ ਸੂਬਾ ਸਰਕਾਰ ਦਾ ਸੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਸਾਰੇ ਦੇਸ਼ ਵਿਚ ਵੱਡੀਆਂ ਕਰਜ਼ਾਈ ਹਨ ਅਤੇ 40 ਫ਼ੀਸਦੀ ਹਿੱਸਾ ਪਾਉਣਾ ਅਸੰਭਵ ਹੈ | ਡਾ. ਚੌਹਾਨ ਨੇ ਕਿਹਾ ਕਿ ਭਾਜਪਾ ਨੇ ਮਨਰੇਗਾ ਬੰਦ ਕਰਕੇ ਗ਼ਰੀਬ ਲੋਕਾਂ ਤੇ ਹੱਕਾਂ 'ਤੇ ਲਾਠੀ ਮਾਰਕੇ ਉਨ੍ਹਾਂ ਦੇ ਮੂੰਹ ਤੋਂ ਰੋਟੀ ਖੋਹੀ ਹੈ ਅਤੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ, ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਂਸਦ ਡਾ. ਅਮਰ ਸਿੰਘ ਦੀ ਅਗਵਾਈ ਹੇਠ ਸਾਰੇ ਪੰਜਾਬ ਤੇ ਦੇਸ਼ ਵਿਚ ਪਾਰਟੀ ਆਪਣਾ ਰੋਸ ਅਤੇ ਮੁਜ਼ਾਹਰੇ ਕਰ ਰਹੀ ਹੈ ਤਾਂ ਜੋ ਗ਼ਰੀਬ ਲੋਕਾਂ ਦਾ ਹੱਕ ਖੋਹਿਆ ਨਾ ਜਾ ਸਕੇ |