ਫ਼ਤਹਿਗੜ੍ਹ ਸਾਹਿਬ, 5 ਜਨਵਰੀ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹਸਪਤਾਲ ਵਿਖੇ ਦਾਖਲ ਹੋਣ ਵਾਲੇ ਮਰੀਜ਼ਾਂ ਨੂੰ ਡਿਸਚਾਰਜ ਹੋਣ ਉਪਰੰਤ ਉਸ ਦੀ ਡਿਸਚਾਰਜ ਸਲਿਪ ਅਤੇ ਹੋਰ ਸੰਬੰਧਿਤ ਰਿਕਾਰਡ ਫਾਈਲ ਕਵਰ ਵਿਚ ਪਾ ਕੇ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਲਾਜ ਕਰਾਉਣ ਲਈ ਦਾਖਲ ਹੋਣ ਵਾਲੇ ਮਰੀਜ਼ਾਂ ਨਾਲ ਸੰਬੰਧਿਤ ਰਿਕਾਰਡ ਜਿਵੇਂ ਐਕਸਰੇ, ਈ.ਸੀ.ਜੀ ਰਿਪੋਰਟ, ਲੈਬਾਰਟਰੀ ਟੈੱਸਟ ਅਤੇ ਇਲਾਜ ਨਾਲ ਹੋਰ ਸੰਬੰਧਿਤ ਕਾਗ਼ਜ਼ ਫਾਈਲ ਕਵਰ/ਲਿਫ਼ਾਫ਼ੇ ਵਿਚ ਪਾ ਕੇ ਮਰੀਜ਼ ਨੂੰ ਦਿੱਤਾ ਜਾਵੇਗਾ ਤਾਂ ਕਿ ਉਸ ਨੂੰ ਇਹ ਰਿਕਾਰਡ ਸੰਭਾਲਣ ਵਿਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜਦੋਂ ਵੀ ਮਰੀਜ਼ ਨੇ ਦੁਬਾਰਾ ਹਸਪਤਾਲ ਵਿਚ ਵਿਜ਼ਟ ਕਰਨਾ ਹੈ, ਤਾਂ ਉਸ ਨੂੰ ਰਿਕਾਰਡ ਲਿਆਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ | ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਆਭਾ ਆਈ ਡੀ ਤਹਿਤ ਵੀ ਮਰੀਜ਼ਾਂ ਦਾ ਰਿਕਾਰਡ ਡਿਜੀਟਲ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਡਾ. ਬੇਦੀ ਨੇ ਡਾ. ਓਮਕਾਰਵੀਰ ਸਿੰਘ ਵਲੋਂ ਮਰੀਜ਼ਾਂ ਦੇ ਆਪ੍ਰੇਸ਼ਨ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਡਿਸਚਾਰਜ ਕਰਨ ਮੌਕੇ ਉਨ੍ਹਾਂ ਦਾ ਰਿਕਾਰਡ ਫਾਈਲ ਕਵਰ ਵਿਚ ਪਾਕੇ ਦੇਣ ਸਮੇਂ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਚ ਹੁਣ ਮਾਹਿਰ ਡਾਕਟਰਾਂ ਦੇ ਨਾਲ-ਨਾਲ ਆਧੁਨਿਕ ਸਹੂਲਤਾਂ ਵੀ ਸਰਕਾਰ ਵਲੋਂ ਮੁਫ਼ਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਵੀ ਦਿੱਤਾ ਜਾਂਦਾ ਹੈ, ਲੋੜ ਪੈਣ ਤੇ ਇਸ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣਾ ਚਾਹੀਦਾ ਹੈ | ਦੂਰਬੀਨ ਨਾਲ ਕੀਤੇ ਜਾਣ ਵਾਲੇ ਅਪਰੇਸ਼ਨਾਂ ਦੇ ਮਾਹਿਰ ਡਾ. ਓਮਕਾਰਵੀਰ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਫਾਈਲ ਕਵਰ ਵਿਚ ਸੰਬੰਧਿਤ ਡਾਕਟਰ ਦਾ ਨਾਮ ਅਤੇ ਉਸ ਦਾ ਫ਼ੋਨ ਨੰਬਰ ਵੀ ਅੰਕਿਤ ਹੋਵੇਗਾ ਤਾਂ ਜੋ ਮਰੀਜ਼ ਲੋੜ ਪੈਣ ਤੇ ਸੰਬੰਧਿਤ ਡਾਕਟਰ ਨਾਲ ਰਾਬਤਾ ਕਾਇਮ ਕਰਕੇ ਇਲਾਜ ਸਬੰਧੀ ਲੋੜੀਂਦੀ ਜਾਣਕਾਰੀ ਹਾਸਿਲ ਕਰ ਸਕੇ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਓ.ਪੀ.ਡੀ. ਵਿਚ ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ ਤੇ ਸਰਜਰੀ ਲਈ ਸਲਾਹ-ਮਸ਼ਵਰਾ ਵੀ ਦਿੱਤਾ ਜਾਂਦਾ ਹੈ ਅਤੇ ਲੋੜ ਅਨੁਸਾਰ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਨ੍ਹਾਂ ਵਲੋਂ ਲੋੜਵੰਦ ਮਰੀਜ਼ਾਂ ਦੇ ਅਪਰੇਸ਼ਨ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਲੋੜੀਂਦੀ ਦਵਾਈ ਵੀ ਹਸਪਤਾਲ ਦੇ ਅੰਦਰੋਂ ਮੁਫ਼ਤ ਦਿੱਤੀ ਜਾਂਦੀ ਹੈ | ਇਸ ਮੌਕੇ ਤੇ ਸਟਾਫ਼ ਨਰਸ ਦਲਜੀਤ ਕੌਰ, ਸਟਾਫ਼ ਨਰਸ ਕੁਲਵੀਰ ਕੌਰ ਤੋਂ ਇਲਾਵਾ ਹੋਰ ਸਟਾਫ਼ ਹਾਜ਼ਰ ਸਨ |