ਫ਼ਤਹਿਗੜ੍ਹ ਸਾਹਿਬ, 5 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਦੇ ਵਚਨ ਨੂੰ ਦੁਹਰਾਉਂਦੇ ਹੋਏ ਇਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ | ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਅੱਜ ਪੈੱ੍ਰਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ ਅਤੇ ਗੁੰਮ ਹੋਏ 142 ਮੋਬਾਈਲ ਫ਼ੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤੇ ਹਨ | ਉਨ੍ਹਾਂ ਇਸ ਮੁਹਿੰਮ ਦੀ ਸਫ਼ਲਤਾ ਲਈ ਪੁਲਿਸ ਅਧਿਕਾਰੀਆਂ ਦੀ ਪਿੱਠ ਥਾਪੜੀ | ਜ਼ਿਲ੍ਹਾ ਪੁਲਿਸ ਮੁਖੀ ਨੇ ਵਿਸ਼ੇਸ਼ ਤੌਰ 'ਤੇ ਕਪਤਾਨ ਪੁਲਿਸ (ਜਾਂਚ) ਰਾਕੇਸ਼ ਯਾਦਵ, ਡੀ.ਐੱਸ.ਪੀ. (ਐੱਚ) ਹਰਤੇਸ਼ ਕੌਸ਼ਿਕ, ਇੰਚਾਰਜ ਤਕਨੀਕੀ ਸੈੱਲ ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਤਕਨੀਕੀ ਸੈੱਲ ਨੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਇਨ੍ਹਾਂ ਮੋਬਾਈਲਾਂ ਨੂੰ ਟਰੇਸ ਕੀਤਾ, ਜੋ ਕਿ ਇਕ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਅਗਰਵਾਲ ਨੇ ਦੱਸਿਆ ਕਿ ਪੁਲਿਸ ਦਾ ਮੁੱਖ ਉਦੇਸ਼ ਜਨਤਾ ਦੀ ਸੇਵਾ ਕਰਨਾ ਹੈ ਅਤੇ ਭਵਿੱਖ ਵਿਚ ਵੀ ਗੈਰ ਸਮਾਜਿਕ ਅਨਸਰਾਂ ਵਿਰੁੱਧ ਸਖ਼ਤੀ ਜਾਰੀ ਰੱਖੀ ਜਾਵੇਗੀ | ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਗੁੰਮ ਹੋਣ 'ਤੇ ਤੁਰੰਤ ਸੀ.ਈ.ਆਈ.ਆਰ ਪੋਰਟਲ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਵਿਚ ਰਿਪੋਰਟ ਦਰਜ ਕਰਵਾਉਣ, ਕਦੇ ਵੀ ਬਿਨਾਂ ਬਿੱਲ ਜਾਂ ਸ਼ੱਕੀ ਹਾਲਤ ਵਿਚ ਪੁਰਾਣਾ ਮੋਬਾਈਲ ਨਾ ਖ਼ਰੀਦਿਆ ਜਾਵੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ 24 ਘੰਟੇ ਜਨਤਾ ਦੀ ਸੇਵਾ ਵਿਚ ਸਰਗਰਮ ਹੈ | ਉਨ੍ਹਾਂ ਕਿਹਾ ਕਿ ਜਿਵੇਂ ਹੀ ਮੋਬਾਈਲ ਦੇ ਗੁੰਮ ਜਾਂ ਚੋਰੀ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਸਾਂਝ ਕੇਂਦਰ, ਨੇੜਲੇ ਪੁਲਿਸ ਥਾਣੇ ਜਾਂ ਫਿਰ ਹੈਲਪ ਲਾਈਨ ਨੰਬਰ 112 'ਤੇ ਵੀ ਇਤਲਾਹ ਦਿੱਤੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲਾਂ ਨੂੰ ਟ੍ਰੇਸ ਕਰਨ ਲਈ ਪੁਲਿਸ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰਦੀ ਹੈ ਅਤੇ ਜਿਹੜੇ ਚੋਰੀ ਸ਼ੁਦਾ ਜਾਂ ਗੁੰਮ ਹੋਏ ਮੋਬਾਈਲ, ਗੈਰ ਸਮਾਜਿਕ ਅਨਸਰ ਚੁੱਕਣ ਉਪਰੰਤ ਇਸਤੇਮਾਲ ਕਰਦੇ ਹਨ ਤਾਂ ਉਹ ਛੇਤੀ ਹੀ ਪੁਲਿਸ ਦੀ ਪਕੜ ਵਿਚ ਆ ਜਾਂਦੇ ਹਨ | ਆਪਣੇ ਮੋਬਾਈਲ ਫ਼ੋਨ ਵਾਪਸ ਲੈਣ ਪਹੁੰਚੇ ਲੋਕਾਂ ਨੇ ਫ਼ਤਹਿਗੜ੍ਹ ਸਾਹਿਬ ਪੁਲਿਸ ਦਾ ਧੰਨਵਾਦ ਕੀਤਾ ਅਤੇ ਪੁਲਿਸ ਕਾਰਵਾਈ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਫ਼ੋਨ ਮਿਲਣ ਦੀ ਉਮੀਦ ਛੱਡ ਦਿੱਤੀ ਸੀ, ਪਰ ਪੁਲਿਸ ਦੀ ਮੁਸਤੈਦੀ ਸਦਕਾ ਅੱਜ ਉਨ੍ਹਾਂ ਦੇ ਕੀਮਤੀ ਫ਼ੋਨ, ਸੁਰੱਖਿਅਤ ਉਨ੍ਹਾਂ ਨੂੰ ਮਿਲ ਗਏ ਹਨ |