ਅਮਲੋਹ, 24 ਜਨਵਰੀ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਨੇ ਹਾਲ ਹੀ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰੇ ਦੌਰਾਨ ਡਾ. ਸੰਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਅਤੇ ਹੈਰੀਟੇਜ ਸਟਰੀਟ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜੀਵਨ, ਵਿਚਾਰਾਂ ਅਤੇ ਮਹਾਨ ਬਲੀਦਾਨ ਬਾਰੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਨੇ ਭਗਤ ਸਿੰਘ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਸ਼ ਭਗਤੀ, ਹਿੰਮਤ ਅਤੇ ਨਿਸ਼ਕਾਮ ਸੇਵਾ ਦੇ ਮੁੱਲਾਂ ਨਾਲ ਪ੍ਰੇਰਿਤ ਕੀਤਾ ਜਾ ਸਕੇ | ਇਸ ਮੌਕੇ ਡਾ. ਸੰਦੀਪ ਸਿੰਘ ਨੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਵੀ ਮੁਲਾਕਾਤ ਕੀਤੀ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਮਹਾਨ ਬਲੀਦਾਨ ਬਾਰੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਨੇ ਖਟਕੜ ਕਲਾਂ ਦੀ ਇਤਿਹਾਸਿਕ ਅਤੇ ਰਾਸ਼ਟਰੀ ਮਹੱਤਤਾ ਨੂੰ ਯਾਦਗਾਰੀ ਅਤੇ ਪੇ੍ਰਰਨਾ ਦੇ ਕੇਂਦਰ ਵਜੋਂ ਉਜਾਗਰ ਕੀਤਾ |