ਮੰਡੀ ਗੋਬਿੰਦਗੜ੍ਹ, 24 ਜਨਵਰੀ (ਇਕਬਾਲਦੀਪ ਸੰਧੂ)-ਪੰਜਾਬ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬਸੰਤ ਪੰਚਮੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰਵਾਇਤੀ ਜੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਕੈਂਪਸ ਨੂੰ ਪੀਲੇ ਰੰਗ ਦੀਆਂ ਸਜਾਵਟਾਂ ਨਾਲ ਸਜਾਇਆ ਗਿਆ ਸੀ, ਜਿਸ ਨਾਲ ਪੂਰਾ ਮਾਹੌਲ ਬਸੰਤ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ | ਪ੍ਰੋਗਰਾਮ ਦੀ ਸ਼ੁਰੂਆਤ ਦੇਵੀ ਸਰਸਵਤੀ ਦੀ ਪੂਜਾ ਅਤੇ ਪ੍ਰਾਰਥਨਾ ਨਾਲ ਹੋਈ | ਸੰਸਥਾ ਦੀ ਡਾਇਰੈਕਟਰ ਡਾ. ਨਿਸ਼ੀ ਬਾਲਾ ਨੇ ਬਸੰਤ ਪੰਚਮੀ ਦੇ ਸ਼ੁੱਭ ਮੌਕੇ 'ਤੇ ਪ੍ਰਾਰਥਨਾ ਨਾਲ ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਗਿਆਨ, ਬੁੱਧੀ ਅਤੇ ਰਚਨਾਤਮਿਕਤਾ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਗਿਆਨ, ਸਕਾਰਾਤਮਿਕ ਊਰਜਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ ਅਤੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੇ ਨਾਲ-ਨਾਲ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣਾ ਚਾਹੀਦਾ ਹੈ | ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਵਿਚ ਆਪਸੀ ਸਦਭਾਵਨਾ, ਟੀਮ ਭਾਵਨਾ ਅਤੇ ਭਾਰਤੀ ਤਿਉਹਾਰਾਂ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਸੀ | ਪ੍ਰੋਗਰਾਮ ਦੇ ਅੰਤ ਵਿਚ ਸਾਰਿਆਂ ਨੂੰ ਬਸੰਤ ਪੰਚਮੀ ਦੀ ਵਧਾਈ ਦਿੱਤੀ ਗਈ | ਸਾਰੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਪ੍ਰਸ਼ਾਦ ਵੰਡਿਆ ਗਿਆ |