ਜਖਵਾਲੀ, 24 ਜਨਵਰੀ (ਨਿਰਭੈ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਮਨਰੇਗਾ ਸਕੀਮ ਦੇ ਨਾਂਅ ਵਿਚ ਬਦਲਾਅ ਕਰਕੇ ਗਰੀਬ ਮਜਦੂਰਾਂ ਦਾ ਰੋਜ਼ਗਾਰ ਖਤਮ ਕਰਨਾ ਚਾਹੁੰਦੀ ਹੈ, ਜਿਸ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦੇਵੇਗੀ | ਇਸ ਗੱਲ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਪਿੰਡ ਰਿਉਣਾ ਉੱਚਾ ਵਿਖੇ ਮਨਰੇਗਾ ਮਜ਼ਦੂਰਾਂ ਨਾਲ ਮੁਲਾਕਾਤ ਕਰਨ ਸਮੇਂ ਕੀਤਾ | ਉਨ੍ਹਾਂ ਮਨਰੇਗਾ ਮਜ਼ਦੂਰਾਂ ਨੂੰ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਨਰੇਗਾ ਯੋਜਨਾ ਲਗਾਤਾਰ ਕਮਜ਼ੋਰ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਨਾਂਅ ਬਦਲਣ ਦੀ ਰਾਜਨੀਤੀ ਹੀ ਨਹੀਂ ਕਰ ਰਹੀ, ਸਗੋਂ ਹਕੀਕਤ ਵਿਚ ਇਸ ਨਵੀਂ ਨੀਤੀ ਤਹਿਤ ਗ਼ਰੀਬਾਂ ਦਾ ਰੁਜ਼ਗਾਰ ਮਾਰਿਆ ਜਾ ਰਿਹਾ ਹੈ | ਸ. ਨਾਗਰਾ ਨੇ ਕਿਹਾ ਕਿ ਮਨਰੇਗਾ ਸਕੀਮ ਕਾਂਗਰਸ ਸਰਕਾਰ ਦੀ ਇਤਿਹਾਸਿਕ ਦੇਣ ਹੈ, ਜਿਸ ਨੇ ਪਿੰਡਾਂ ਦੇ ਗ਼ਰੀਬ ਮਜ਼ਦੂਰਾਂ ਨੂੰ ਰੁਜ਼ਗਾਰ ਦੀ ਗਾਰੰਟੀ ਦਿੱਤੀ | ਅੱਜ ਕੇਂਦਰ ਸਰਕਾਰ ਇਸ ਸਕੀਮ ਦਾ ਨਾਂਅ ਬਦਲ ਕੇ ਇਸ ਸਕੀਮ ਦੀ ਆਤਮਾ ਨੂੰ ਹੀ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੋਸ਼ ਲਾਇਆ ਕਿ ਮਨਰੇਗਾ ਲਈ ਫ਼ੰਡ ਘਟਾਏ ਜਾ ਰਹੇ ਹਨ, ਕੰਮ ਦੇ ਦਿਨ ਘੱਟ ਰਹੇ ਹਨ ਅਤੇ ਮਜ਼ਦੂਰਾਂ ਨੂੰ ਸਮੇਂ 'ਤੇ ਮਜ਼ਦੂਰੀ ਨਹੀਂ ਮਿਲ ਰਹੀ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਅੱਗੇ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ | ਮਨਰੇਗਾ ਵਰਗੀ ਅਹਿਮ ਸਕੀਮ ਸਬੰਧੀ ਨਾ ਤਾਂ ਕੇਂਦਰ ਤੋਂ ਪੂਰਾ ਫ਼ੰਡ ਲਿਆ ਜਾ ਰਿਹਾ ਹੈ ਅਤੇ ਨਾ ਹੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਜੁਮਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਹੈ | ਜ਼ਮੀਨੀ ਪੱਧਰ 'ਤੇ ਨਾ ਤਾਂ ਰੁਜ਼ਗਾਰ ਦੇ ਮੌਕੇ ਬਣ ਰਹੇ ਹਨ ਅਤੇ ਨਾ ਹੀ ਮਜ਼ਦੂਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਗ਼ਰੀਬ, ਮਜ਼ਦੂਰ ਅਤੇ ਕਿਸਾਨ ਦੇ ਹੱਕਾਂ ਲਈ ਡੱਟ ਕੇ ਲੜਦੀ ਆਈ ਹੈ ਅਤੇ ਭਵਿੱਖ ਵਿਚ ਵੀ ਭਾਜਪਾ ਦੀ ਲੋਕ-ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰਦੀ ਰਹੇਗੀ | ਇਸ ਮੌਕੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਜੱਲ੍ਹਾ, ਬੂਟਾ ਸਿੰਘ, ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਸੁਖਵਿੰਦਰ ਸਿੰਘ ਕਾਲਾ, ਗੁਰਲਾਲ ਸਿੰਘ ਲਾਲੀ, ਫੱਮਣ ਸਿੰਘ, ਨਰਿੰਦਰ ਸਿੰਘ ਨਿੰਦੀ, ਮਨਪ੍ਰੀਤ ਸਿੰਘ ਮਨੀ ਕੋਟਲਾ, ਹਰਦੇਵ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਬਾਠ, ਹਰਜਿੰਦਰ ਸਿੰਘ ਕੋਟਲਾ, ਪਾਖਰ ਸਿੰਘ ਤੇ ਹੋਰ ਹਾਜ਼ਰ ਸਨ |