ਫ਼ਤਹਿਗੜ੍ਹ ਸਾਹਿਬ, 1 ਫਰਵਰੀ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਜਿਸ ਦੇ ਚੱਲਦਿਆਂ ਸ਼ਹਿਰ 'ਚ 300 ਮੀਟਰ ਦੀ ਨਵੀਂ ਪਾਈਪ ਲਾਈਨ ਪਾ ਕੇ ਬਰਸਾਤੀ ਪਾਣੀ ਨੂੰ ਕੰਟਰੋਲ ਕੀਤਾ ਜਾਵੇਗਾ ਤੇ ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਨਿਜਾਤ ਮਿਲੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਬੀ.ਡੀ.ਪੀ.ਓ. ਦਫ਼ਤਰ ਸਾਹਮਣੇ ਨਵੀਂ ਪਾਈ ਜਾ ਰਹੀ ਪਾਈਪ ਲਾਈਨ ਦਾ ਜਾਇਜ਼ਾ ਲੈਣ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਡਿਸਪੋਜ਼ਲ ਪਲਾਂਟਾਂ ਦੇ ਲਈ ਕੁੱਲ 50 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਰੀਬ 24 ਲੱਖ ਰੁਪਏ ਦੀ ਲਾਗਤ ਦੇ ਨਾਲ ਸਰਹਿੰਦ ਮੰਡੀ ਵਿਖੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ 300 ਮੀਟਰ ਪਾਈਪ ਲਾਈਨ ਵਿਛਾਈ ਗਈ ਹੈ | ਇਸ ਤੋਂ ਇਲਾਵਾ 2 ਮੋਟਰਾਂ ਲਗਾਈਆਂ ਗਈਆਂ ਹਨ, ਜੋ ਬਰਸਾਤੀ ਪਾਣੀ ਨੂੰ ਪਾਈਪ ਲਾਈਨ ਰਾਹੀਂ ਬਾਹਰ ਸੁੱਟਣਗੀਆਂ | ਇਸ ਤੋਂ ਇਲਾਵਾ ਇਕ ਮੋਟਰ ਬ੍ਰਾਹਮਣ ਮਾਜਰਾ, ਇਕ ਮੋਟਰ ਦੁਸ਼ਹਿਰਾ ਗਰਾਊਾਡ ਡਿਸਪੋਜ਼ਲ ਪੁਆਇੰਟ, ਤਿੰਨ ਮੋਟਰਾਂ ਸ਼ੇਖੂਪੁਰੇ ਡਿਸਪੋਜ਼ਲ ਪੁਆਇੰਟ ਤੇ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਦੌਰਾਨ ਸਰਹਿੰਦ ਮੰਡੀ ਵਿਖੇ ਸ਼ਹਿਰ ਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਨ੍ਹਾਂ ਦੀ ਸਮੱਸਿਆ ਨੂੰ ਦੇਖਦਿਆਂ ਇਹ ਨਵੀਂ ਪਾਈਪ ਲਾਈਨ ਵਿਛਾਈ ਗਈ ਹੈ ਜੋ ਬਰਸਾਤੀ ਪਾਣੀ ਨੂੰ ਸ਼ਹਿਰ ਤੋਂ ਬਾਹਰ ਕਰੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮੇਨ ਸੜਕ ਦੇ 'ਤੇ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਅੰਦਰ ਕਮਿਊਨਿਟੀ ਹਾਲ ਉਸਾਰੇ ਜਾ ਰਹੇ ਹਨ ਤਾਂ ਜੋ ਹਰ ਜ਼ਰੂਰਤਮੰਦ ਅਤੇ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਮਹਿੰਗੇ ਪੈਲੇਸਾਂ ਤੋਂ ਬਚ ਸਕੇ ਅਤੇ ਆਪਣੇ ਛੋਟੇ ਮੋਟੇ ਕਾਰਜ ਇਨ੍ਹਾਂ ਕਮਿਊਨਿਟੀ ਹਾਲ ਦੇ ਵਿਚ ਕਰ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਵਰੇਜ ਵਿਭਾਗ ਦੇ ਐਸ.ਡੀ.ਓ ਰਜਨੀਸ਼, ਨਿੱਜੀ ਸਕੱਤਰ ਮਾਨਵ ਟਿਵਾਣਾ, ਪ੍ਰਧਾਨ ਰਜੇਸ਼ ਉੱਪਲ, ਸਰਹਿੰਦ ਮੰਡੀ ਦੇ ਪ੍ਰਧਾਨ ਤਰਸੇਮ ਉੱਪਲ, ਐਡਵੋਕੇਟ ਗੌਰਵ, ਯੂਥ ਦੇ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਡਾ. ਹਤਿੰਦਰ ਸੁਰੀ, ਜੋਨੀ ਤਲਾਣੀਆਂ ਆਦਿ ਵੀ ਹਾਜ਼ਰ ਸਨ |