ਖਮਾਣੋਂ, 1 ਫ਼ਰਵਰੀ (ਜੋਗਿੰਦਰ ਪਾਲ)-ਗੁਰਦੁਆਰਾ ਸਿੰਘ ਸਭਾ ਬਿਲਾਸਪੁਰ ਰੋਡ ਖਮਾਣੋਂ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਦਿਹਾੜਾ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | ਪ੍ਰਬੰਧਕ ਕਮੇਟੀ ਦੇ ਮੁੱਖ ਸਲਾਹਕਾਰ ਦਿਲਬਾਰਾ ਸਿੰਘ ਨੇ ਦੱਸਿਆ ਕਿ ਇਸ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਦਨ ਸਿੰਘ ਦੀ ਰਹਿਨੁਮਾਈ ਅਤੇ ਸੰਗਤ ਦੇ ਵੱਡੇ ਸਹਿਯੋਗ ਨਾਲ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਭਾਈ ਗੁਰਨਾਮ ਸਿੰਘ ਰਾਣਵਾਂ ਵਾਲਿਆਂ ਵਲੋਂ ਗੁਰੂ ਰਵਿਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਕੀਰਤਨ ਕਰਕੇ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਲਈ ਕਿਹਾ | ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੇਲ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਇੰਜੀਨੀਅਰ ਦਿਲਪ੍ਰੀਤ ਸਿੰਘ ਲੋਹਟ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਦੀਆਂ ਸਾਖੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਦੀਆਂ ਸਿੱਖਿਆਵਾਂ ਜਿਵੇਂ ਕਿ ਇਕ ਪਰਮੇਸ਼ਰ, ਸਰਬ ਸਾਂਝੀ ਵਾਲਤਾ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਸੰਗਤ ਨਾਲ ਸਾਂਝਾ ਕੀਤਾ | ਵੱਡੀ ਗਿਣਤੀ ਵਿਚ ਸੰਗਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਇਸ ਮੌਕੇ ਕਚੌਰੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ |