ਫ਼ਤਹਿਗੜ੍ਹ ਸਾਹਿਬ, 3 ਫਰਵਰੀ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸੀ.ਐਸ.ਆਰ.ਆਈ. ਸੈੱਲ ਵਲੋਂ ਫਿਜ਼ਿਕਸ ਵਿਭਾਗ ਦੇ ਸਹਿਯੋਗ ਨਾਲ ਮੁੱਢਲੀ ਸਮਝ ਤੇ ਇਲੈਕਟੋ੍ਰਨਿਕਸ ਵਿਚ ਪ੍ਰਯੋਗਿਕ ਹੁਨਰਾਂ ਨੂੰ ਮਜ਼ਬੂਤ ਕਰਨ ਲਈ 'ਬਿਜਲੀ ਤੇ ਇਲੈਕਟੋ੍ਰਨਿਕ ਵਿਸ਼ੇ 'ਤੇ ਇਕ ਹਫ਼ਤੇ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ | ਵਰਕਸ਼ਾਪ ਦਾ ਸੰਚਾਲਨ ਡਾ. ਸੁਖਦੀਪ ਸਿੰਘ ਅਸਿਸਟੈਂਟ ਪ੍ਰੋਫ਼ੈਸਰ ਵਲੋਂ ਕੀਤਾ ਗਿਆ ਅਤੇ ਫਿਜ਼ਿਕਸ, ਮੈਥੇਮੈਟਿਕਸ ਤੇ ਫਿਜ਼ਿਓਥੈਰੇਪੀ ਵਿਭਾਗਾਂ ਦੇ ਲਗਪਗ 100 ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ | ਵਿਦਿਆਰਥੀਆਂ ਨੇ ਸਿਧਾਂਤਕ ਤੇ ਪ੍ਰੈਕਟੀਕਲ ਦੋਹਾਂ ਸੈਸ਼ਨਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ | ਵਰਕਸ਼ਾਪ ਦੀ ਸ਼ੁਰੂਆਤ ਡਾ. ਤੇਜਬੀਰ ਸਿੰਘ ਚੇਅਰਮੈਨ ਕੌਂਸਲ ਫ਼ਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਦੇ ਲੈਕਚਰ ਨਾਲ ਹੋਈ | ਡਾ. ਪ੍ਰੀਤ ਕੌਰ ਮੁਖੀ ਫਿਜ਼ਿਕਸ ਵਿਭਾਗ ਨੇ ਵਿਦਿਆਰਥੀਆਂ ਨੂੰ ਮੂਲ ਇਲੈੱਕਟ੍ਰਾਨਿਕ ਕੰਪੋਨੈਂਟਾਂ ਨਾਲ ਜਾਣੂ ਕਰਵਾ ਕੇ ਉਨ੍ਹਾਂ ਦੀ ਸਮਝ ਨੂੰ ਹੋਰ ਮਜ਼ਬੂਤ ਕੀਤਾ | ਡਾ. ਨਵਜੋਤ ਕੌਰ ਅਸਿਸਟੈਂਟ ਪ੍ਰੋਫ਼ੈਸਰ ਨੇ ਸੀ.ਆਰ.ਓ. ਅਤੇ ਫੰਕਸ਼ਨ ਜੈੱਨਰੇਟਰ ਬਾਰੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ | ਪ੍ਰੈਕਟੀਕਲ ਸੈਸ਼ਨਾਂ ਦੌਰਾਨ ਡਾ. ਸੁਖਦੀਪ ਸਿੰਘ ਨੇ ਵੱਖ-ਵੱਖ ਇਲੈੱਕਟ੍ਰਾਨਿਕ ਕੰਪੋਨੈਂਟਾਂ ਦੀ ਵਰਤੋਂ ਕਰਕੇ ਸਰਕਿਟ ਤਿਆਰ ਕਰਨ ਦੀ ਪ੍ਰੈਕਟਿਸ ਕਰਵਾਈ | ਆਖ਼ਰੀ ਵਿਚ ਜਸਪ੍ਰੀਤ ਕੌਰ ਅਸਿਸਟੈਂਟ ਪ੍ਰੋਫ਼ੈਸਰ ਨੇ ਇਲੈੱਕਟ੍ਰਾਨਿਕ ਕੰਪੋਨੈਂਟਾਂ ਦੇ ਵਿਆਪਕ ਵਰਤੋਂ ਨਾਲ ਸਬੰਧਿਤ ਡਾਕੂਮੈਂਟਰੀ ਪ੍ਰਦਰਸ਼ਿਤ ਕੀਤੀ ਗਈ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਸਾਰੇ ਟੀਮ ਮੈਂਬਰਾਂ ਨੂੰ ਵਧਾਈ ਦਿੱਤੀ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵੀ ਇਸ ਪਹਿਲ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਦੀ ਤਕਨੀਕੀ ਸਮਰੱਥਾ ਤੇ ਰੁਜ਼ਗਾਰ ਯੋਗਤਾ ਵਧਾਉਣ ਵਿਚ ਅਜਿਹੀਆਂ ਪ੍ਰੈਕਟੀਕਲ ਗਤੀਵਿਧੀਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ |