ਖਮਾਣੋਂ, 3 ਫਰਵਰੀ (ਜੋਗਿੰਦਰ ਪਾਲ)-ਵਿਸ਼ਵ ਹਿੰਦੂ ਪ੍ਰੀਸ਼ਦ ਖਮਾਣੋਂ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਹਰੀਸ਼ ਰਤਨ ਨੇ ਕੀਤੀ | ਇਸ ਮੀਟਿੰਗ ਵਿਚ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਵਿਨੋਦ ਗੋਇਲ ਅਤੇ ਜ਼ਿਲ੍ਹਾ ਸਕੱਤਰ ਸੁਨੀਲ ਮਿੱਤਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਵਰਕਰਾਂ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੰਮ ਨੂੰ ਤੇਜ਼ ਕਰਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਧਰਮ ਪਰਿਵਰਤਨ ਅਤੇ ਨਸ਼ਿਆਂ ਦੀ ਦੁਰਵਰਤੋਂ ਬਹੁਤ ਜ਼ਿਆਦਾ ਹੈ, ਇਸ ਲਈ ਪੰਜਾਬ ਦੇ ਨੌਜਵਾਨਾਂ ਨੂੰ ਇਸ ਤੋਂ ਬਚਾਉਣ ਲਈ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਹਿੰਦੂ ਸਮਾਜ ਨੂੰ ਜਾਗਰੂਕ ਕਰ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਸਕੱਤਰ ਨੇ ਕਿਹਾ ਕਿ ਖਮਾਣੋਂ ਵਿਚ ਇਕ ਮਜ਼ਬੂਤ ਸੰਗਠਨ ਦੀ ਲੋੜ ਹੈ ਅਤੇ ਉਨ੍ਹਾਂ ਸਥਾਨਕ ਪ੍ਰਧਾਨ ਨਾਲ ਆਪਣੀ ਟੀਮ ਨੂੰ ਪੂਰਾ ਕਰਨ ਬਾਰੇ ਚਰਚਾ ਕੀਤੀ | ਰਤਨ ਨੇ ਇਸ ਹਫ਼ਤੇ ਦੇ ਅੰਦਰ ਟੀਮ ਦੇ ਕੰਮ ਨੂੰ ਪੂਰਾ ਕਰਨ ਅਤੇ ਹਰ ਮਹੀਨੇ ਇਕ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ | ਮਿੱਤਲ ਨੇ ਬਿਕਰਮੀ ਅਨੁਸਾਰ ਨਵਾਂ ਸਾਲ ਮਨਾਉਣ ਅਤੇ ਹਿੰਦੂ ਸਮਾਜ ਨੂੰ ਹਿੰਦੂ ਧਰਮ ਦੇ ਤਿਉਹਾਰਾਂ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਧੇ ਸ਼ਿਆਮ ਕੱਕੜ, ਨਵੀਨ ਦਾਨੀ, ਪ੍ਰਦੀਪ ਕੁਮਾਰ ਗੁਪਤਾ, ਸੰਜੀਵ ਕੁਮਾਰ, ਜੈ ਚੰਦ, ਮੰਗਤ ਸਿੰਘ, ਰਵਿੰਦਰ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ |