ਮੰਡੀ ਗੋਬਿੰਦਗੜ੍ਹ, 4 ਫਰਵਰੀ (ਇਕਬਾਲਦੀਪ ਸੰਧੂ)-ਪੰਜਾਬ ਵਿਚ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬਣਾਈ ਗਈ ਨਵੀਂ ਵਾਰਡਬੰਦੀ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕਰਦੇ ਹੋਏ 18 ਫਰਵਰੀ ਤੱਕ ਅਸਥਾਈ ਰੋਕ ਲਗਾ ਦਿੱਤੀ ਹੈ | ਇਹ ਜਾਣਕਾਰੀ ਬਲਾਕ ਕਾਂਗਰਸ ਦਫ਼ਤਰ ਬੁਲਾਈ ਪੈੱ੍ਰਸ ਕਾਨਫ਼ਰੰਸ ਵਿਚ ਕਾਂਗਰਸੀ ਆਗੂਆਂ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਮਾਮਲਾ ਉਸ ਵੇਲੇ ਉੱਭਰ ਕੇ ਸਾਹਮਣੇ ਆਇਆ ਜਦੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਕਮੇਟੀਆਂ ਅਤੇ ਜਨਹਿਤ ਸੰਸਥਾਵਾਂ ਅਤੇ ਸਰਕਾਰ ਵਲੋਂ ਕੀਤੀ ਗਈ ਨਵੀਂ ਵਾਰਡਬੰਦੀ ਖ਼ਿਲਾਫ਼ ਇਤਰਾਜ਼ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ | ਆਗੂਆਂ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਵਿਚ ਨਗਰ ਕੌਂਸਲ ਦੀ ਨਾ ਕੋਈ ਨਵੀਂ ਹੱਦਬੰਦੀ ਵਧੀ, ਨਾ ਹੀ ਜਨਸੰਖਿਆ, ਫਿਰ ਵੀ ਇਹ ਨਵੀਂ ਵਾਰਡਬੰਦੀ ਦਿਖਾ ਕੇ ਆਪਣੇ ਚਹੇਤਿਆਂ ਨੂੰ ਖ਼ੁਸ਼ ਕੀਤਾ ਗਿਆ, ਜੋ ਤਰਕਸੰਗਤ ਨਹੀਂ ਹੈ | ਹਾਲਾਂਕਿ 4 ਹਜ਼ਾਰ ਦੇ ਕਰੀਬ ਵੋਟਰ ਘਟੇ ਹਨ, ਜਦਕਿ ਕੋਈ ਨਵੇਂ ਇਲਾਕੇ ਨਹੀਂ ਜੋੜੇ ਗਏ ਅਤੇ ਨਵੇਂ ਵਾਰਡ ਬਣਾ ਦਿੱਤੇ | ਜਿਸ ਨਾਲ ਸਥਾਨਕ ਬਾਸ਼ਿੰਦੇ ਪ੍ਰੇਸ਼ਾਨ ਹਨ | ਆਗੂਆਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਪ੍ਰਕਿਰਿਆ ਪਾਰਦਰਸ਼ੀ ਨਹੀਂ ਹੈ ਅਤੇ ਇਸ ਵਿਚ ਸਥਾਨਕ ਆਬਾਦੀ ਦੇ ਅਨੁਪਾਤ, ਭੂਗੋਲਿਕ ਹਾਲਾਤ ਅਤੇ ਲੋਕ ਧਾਰਾ ਨੂੰ ਯੋਗ ਤਰਜੀਹ ਨਹੀਂ ਦਿੱਤੀ ਗਈ | ਉਨ੍ਹਾਂ ਨੇ ਅਦਾਲਤ ਅੱਗੇ ਬੇਨਤੀ ਕੀਤੀ ਕਿ ਜਦ ਤੱਕ ਪੂਰੀ ਪ੍ਰਕਿਰਿਆ ਦੀ ਕਾਨੂੰਨੀ ਜਾਂਚ ਨਾ ਹੋ ਜਾਵੇ, ਤਦ ਤੱਕ ਇਸ ਨੂੰ ਲਾਗੂ ਨਾ ਕੀਤਾ ਜਾਵੇ | ਆਗੂਆਂ ਨੇ ਹਾਈ ਕੋਰਟ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਵਾਰਡਬੰਦੀ ਵਰਗੇ ਸੰਵੇਦਨਸ਼ੀਲ ਮਾਮਲਿਆਂ ਵਿਚ ਸਰਕਾਰ ਨੂੰ ਪਾਰਦਰਸ਼ਤਾ ਅਤੇ ਕਾਨੂੰਨੀ ਮਾਪਦੰਡਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ | ਅਗਲੀ ਸੁਣਵਾਈ ਵਿਚ ਸਰਕਾਰ ਦੇ ਜਵਾਬ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਅਦਾਲਤ ਵਲੋਂ ਅਗਲੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਿੰਦਰ ਸਿੰਘ ਭਾਂਬਰੀ, ਜਗਮੀਤ ਸਿੰਘ ਸਹੋਤਾ ਸਾਬਕਾ ਕੌਂਸਲ ਪ੍ਰਧਾਨ, ਕੌਂਸਲਰ ਅਰਵਿੰਦ ਸਿੰਗਲਾ, ਸਾਬਕਾ ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਰਾਜਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਘੋਲਾ, ਨੀਲਮ ਰਾਣੀ, ਦਿਨੇਸ਼ ਸਿੰਘੀ, ਰਣਜੀਤ ਸਿੰਘ ਅੰਬੇਮਾਜਰਾ, ਕਮਲਜੀਤ ਸਿੰਘ ਜੱਸੜ੍ਹਾਂ, ਅਮਿਤ ਜੈ ਚੰਦ ਸ਼ਰਮਾ, ਚਰਨਜੀਤ ਸਿੰਘ ਬਾਜਵਾ, ਡਿੰਪਲ ਸ਼ਰਮਾ, ਰੋਹਿਤ ਕੁਮਾਰ ਸ਼ੈਂਕੀ, ਜਗਦੀਪ ਕੰਗ, ਬਿਮਲ ਗੁਪਤਾ, ਅੰਕੁਰ ਸੈਣੀ ਤੇ ਨਵਦੀਪ ਸਿੰਘ ਰਾਮਗੜ੍ਹੀਆ ਆਦਿ ਹਾਜ਼ਰ ਸਨ |