ਖਮਾਣੋਂ, 4 ਫਰਵਰੀ (ਜੋਗਿੰਦਰ ਪਾਲ)-ਸਰਵਹਿੱਤਕਾਰੀ ਸਿੱਖਿਆ ਸਮਿਤੀ ਦੇ ਜਥੇਬੰਦਕ ਸਕੱਤਰ, ਸੰਘ ਪ੍ਰਚਾਰਕ, ਪ੍ਰਚਾਰ ਤੇ ਪ੍ਰਸਾਰ ਪ੍ਰਮੁੱਖ (ਉੱਤਰੀ ਖੇਤਰ) ਹਿਮਾਚਲ ਪ੍ਰਦੇਸ਼ ਰਾਜਿੰਦਰ ਕੁਮਾਰ ਵਲੋਂ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦਾ ਦੌਰਾ ਕੀਤਾ ਗਿਆ | ਰਾਜਿੰਦਰ ਕੁਮਾਰ ਅਤੇ ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਪ੍ਰਾਰਥਨਾ ਸਭਾ ਵਿਚ ਦੀਪ ਜਗਾਇਆ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਜਿਸ ਵਿਚ ਉਨ੍ਹਾਂ ਸੇਵਾ ਤੇ ਦਾਨ ਦੀ ਮਹੱਤਤਾ 'ਤੇ ਵਿਸ਼ੇਸ਼ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਕਿਵੇਂ ਸਮਰਪਣ ਭਾਵਨਾ ਨਾਲ ਸਮਾਜ ਦੇ ਗ਼ਰੀਬ ਅਤੇ ਵਾਂਝੇ ਬੱਚਿਆਂ ਦੀ ਸਿੱਖਿਆ ਵਿਚ ਯੋਗਦਾਨ ਪਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਦਾ ਉੱਜਵਲ ਭਵਿੱਖ ਬਣਾਇਆ ਜਾ ਸਕਦਾ ਹੈ | ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਵਿਦਿਆਰਥੀ ਆਪਣੇ ਜੀਵਨ ਵਿਚ ਸੇਵਾ ਅਤੇ ਦਾਨ ਦੇ ਮੁੱਲਾਂ ਨੂੰ ਅਪਣਾਉਣਗੇ | ਇਸ ਉਪਰੰਤ ਉਨ੍ਹਾਂ ਸਕੂਲ ਦਾ ਨਿਰੀਖਣ ਕੀਤਾ ਅਤੇ ਸਮੂਹ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਤੇ ਮਾਰਗ ਦਰਸ਼ਨ ਕਰਦਿਆਂ ਅਧਿਆਪਕਾਂ ਨੂੰ ਵਿੱਦਿਆ ਭਾਰਤੀ ਦੀ ਸਥਾਪਨਾ, ਉਦੇਸ਼ਾਂ ਅਤੇ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿਚ ਕਦਰਾਂ-ਕੀਮਤਾਂ ਪੈਦਾ ਕਰਨਾ ਤਾਂ ਹੀ ਸੰਭਵ ਹੈ ਜਦੋਂ ਅਧਿਆਪਕ ਖ਼ੁਦ ਸੇਵਾ ਅਤੇ ਸਮਰਪਣ ਦੀ ਭਾਵਨਾ ਰੱਖਦੇ ਹੋਣ | ਇਕ ਅਧਿਆਪਕ ਦਾ ਸਮਰਪਣ ਵਿਦਿਆਰਥੀਆਂ ਦੇ ਜੀਵਨ ਵਿਚ ਪ੍ਰੇਰਨਾ ਸ੍ਰੋਤ ਵਜੋਂ ਕੰਮ ਕਰਦਾ ਹੈ ਤਾਂ ਜੋ ਉਹ ਦੇਸ਼ ਅਤੇ ਸਮਾਜ ਲਈ ਚੰਗੇ ਨਾਗਰਿਕ ਬਣ ਸਕਣ | ਇਸ ਤੋਂ ਇਲਾਵਾ ਰੋਪੜ ਵਿਭਾਗ ਪ੍ਰਮੁੱਖ ਜਤਿੰਦਰ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਅੰਤ ਵਿਚ ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਅਤੇ ਜਤਿੰਦਰ ਸ਼ਰਮਾ ਨੇ ਰਾਜਿੰਦਰ ਕੁਮਾਰ ਦਾ ਸਕੂਲ ਪੁੱਜਣ 'ਤੇ ਧੰਨਵਾਦ ਕੀਤਾ |