ਪਾਤੜਾਂ, 4 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਕਾਂਗਰਸ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਹਲਕਾ ਸ਼ੁਤਰਾਣਾ ਦੇ ਪਿੰਡ ਕਕਰਾਲਾ ਵਿਖੇ ਹੋਈ | ਦਰਬਾਰਾ ਸਿੰਘ ਬੰਨਵਾਲਾ ਹਲਕਾ ਇੰਚਾਰਜ ਦੀ ਅਗਵਾਈ 'ਚ ਹੋਈ ਇਸ ਮੀਟਿੰਗ ਦੇ ਵਿਚ ਕੇਂਦਰ ਸਰਕਾਰ ਵਲੋਂ ਮਨਰੇਗਾ ਯੋਜਨਾ ਵਿਚ ਕੀਤੇ ਗਏ ਬਦਲਾਅ ਨੂੰ ਮਜ਼ਦੂਰ ਮਾਰੂ ਦੱਸਦਿਆਂ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਸੰਘਰਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ | ਹਲਕਾ ਇੰਚਾਰਜ ਦਰਬਾਰਾ ਸਿੰਘ ਬੰਨਵਾਲਾ ਨੇ ਇਸ ਮੀਟਿੰਗ 'ਚ ਮੌਜੂਦ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕੈਪਟਨ ਸੰਦੀਪ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਨਰੇਗਾ ਵਰਕਰਾਂ ਅਤੇ ਮਿਹਨਤਕਸ਼ ਵਰਗ ਦੀ ਆਵਾਜ਼ ਬੁਲੰਦ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਇਸ ਤਹਿਤ ਪਿੰਡਾਂ ਵਿਚ ਜਾ ਕੇਂਦਰ ਸਰਕਾਰ ਦੇ ਇਸ ਕੀਤੇ ਗਏ ਫ਼ੈਸਲੇ ਦੇ ਖ਼ਿਲਾਫ਼ ਮਨਰੇਗਾ ਵਰਕਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਬੰਨਵਾਲਾ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਮਨਰੇਗਾ ਦੇ ਬਜਟ ਵਿਚ ਕੀਤੀ ਗਈ ਕਟੌਤੀ ਅਤੇ ਨਵੇਂ ਅੜਿੱਕਿਆਂ ਰਾਹੀਂ ਗ਼ਰੀਬ ਮਜ਼ਦੂਰਾਂ ਦੇ ਰੋਜ਼ਗਾਰ ਨੂੰ ਪ੍ਰਭਾਵਿਤ ਕਰਨ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਮਨਰੇਗਾ ਵਰਕਰਾਂ ਦੇ ਬਕਾਇਆ ਬਿਲ ਰੋਕਣਾ ਗ਼ਰੀਬਾਂ ਨਾਲ ਵੱਡੀ ਬੇਇਨਸਾਫ਼ੀ ਹੈ ਅਤੇ ਕਾਂਗਰਸ ਪਾਰਟੀ ਇਸ ਦੇ ਖ਼ਿਲਾਫ਼ ਡਟ ਕੇ ਸੰਘਰਸ਼ ਕਰੇਗੀ | ਉਨ੍ਹਾਂ ਸਪਸ਼ਟ ਕੀਤਾ ਕਿ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਅਤੇ ਬਕਾਇਆ ਬਿੱਲਾਂ ਦੀ ਤੁਰੰਤ ਬਹਾਲੀ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋੜ ਪੈਣ 'ਤੇ ਲੋਕਾਂ ਨੂੰ ਨਾਲ ਲੈ ਕੇ ਵੱਡਾ ਅੰਦੋਲਨ ਵੀ ਕੀਤਾ ਜਾਵੇਗਾ | ਇਸ ਮੌਕੇ ਸ਼ਹਿਰੀ ਪ੍ਰਧਾਨ ਰਾਕੇਸ਼ ਹੈਪੀ, ਮੋਹਰ ਸਿੰਘ ਜਿਉਣਪੁਰਾ, ਗੁਰਜਿੰਦਰਪਾਲ ਸਿੰਘ, ਰਾਜੂ ਕੰਬੋਜ, ਕੁਲਵੰਤ ਸ਼ਰਮਾ, ਰਾਜ ਕੁਮਾਰ, ਗੁਰਮਤ ਸਿੰਘ ਪ੍ਰਧਾਨ, ਮੇਜਰ ਪਾਪੜਾ, ਸਤਪਾਲ ਕਕਰਾਲਾ, ਬੀਰ ਬਲੱਗਣ, ਪਾਲੂ ਨੰਬਰਦਾਰ, ਰਣਧੀਰ ਸਿੰਘ, ਸਾਬਕਾ ਮੈਂਬਰ ਨਛੱਤਰ ਸਿੰਘ, ਦਰਸ਼ਨ ਕਕਰਾਲਾ, ਕਰਮਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਮਨਰੇਗਾ ਮਜ਼ਦੂਰ ਹਾਜ਼ਰ ਸਨ |