17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਅਲਹਿਦਗੀ ਦੀ ਬਜਾਏ ਨਵੇਂ ਸਮਾਜ 'ਚ ਸਮਾਅ ਜਾਣ ਨੂੰ ਮਹੱਤਵ ਦਿੰਦੀ ਹੈ ਪੰਜਾਬੀ ਪ੍ਰਵਾਸੀਆਂ ਦੀ ਨਵੀਂ ਪੀੜ੍ਹੀ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ, 4 ਫਰਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇਕ ਤਾਜ਼ਾ ਖੋਜ ਰਾਹੀਂ ਪਰਵਾਸੀ ਪੰਜਾਬੀ ਨਾਵਲ ਦੇ ਹਵਾਲੇ ਨਾਲ਼ ਪ੍ਰਵਾਸ ਅਤੇ ਮੂਲਵਾਸ ਦੇ ਆਪਸੀ ਸੰਬੰਧਾਂ ਬਾਰੇ ਅਹਿਮ ਨੁਕਤੇ ਸਾਹਮਣੇ ਆਏ ਹਨ | 'ਪਰਵਾਸੀ ਪੰਜਾਬੀ ਨਾਵਲ ਵਿਚ ਮੂਲਵਾਸ ਅਤੇ ਪ੍ਰਵਾਸ ਦੇ ਅੰਤਰ-ਸੰਵਾਦ' ਸਿਰਲੇਖ ਤਹਿਤ ਇਹ ਅਧਿਐਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਡਾ. ਗੁਰਮੁਖ ਸਿੰਘ ਦੀ ਅਗਵਾਈ ਵਿਚ ਖੋਜਾਰਥੀ ਡਾ. ਮਨਿੰਦਰ ਕੌਰ ਵਲੋਂ ਕੀਤਾ ਗਿਆ ਹੈ | ਡਾ. ਗੁਰਮੁਖ ਸਿੰਘ ਨੇ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਏ ਵੱਖ-ਵੱਖ ਨੁਕਤਿਆਂ 'ਚੋਂ ਇਕ ਅਹਿਮ ਨੁਕਤਾ ਇਹ ਹੈ ਕਿ ਪਰਵਾਸੀ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਆਰਥਿਕ ਤੌਰ 'ਤੇ ਤਾਂ ਨਵੇਂ ਦੇਸ਼ ਨਾਲ ਜੁੜ ਜਾਂਦੀ ਹੈ, ਪਰ ਮਾਨਸਿਕ ਅਤੇ ਸਭਿਆਚਾਰਕ ਤੌਰ 'ਤੇ ਉਹ ਅੱਜ ਵੀ ਆਪਣੇ ਮੂਲਵਾਸ (ਪੰਜਾਬ) ਦੀਆਂ ਕਦਰਾਂ-ਕੀਮਤਾਂ ਅਤੇ ਰਸਮ-ਰਿਵਾਜਾਂ ਨਾਲ ਜੁੜੀ ਹੋਈ ਹੈ | ਇਹ ਪੀੜ੍ਹੀ ਇਕ ਅਜਿਹੀ 'ਦੋਹਰੀ ਜ਼ਿੰਦਗੀ' ਜਿਊਾਦੀ ਹੈ ਜਿੱਥੇ ਉਹ ਬਾਹਰਲੇ ਸਮਾਜ ਵਿਚ ਵਿਚਰਦਿਆਂ ਵੀ ਅੰਦਰੂਨੀ ਤੌਰ 'ਤੇ ਆਪਣੀ ਵੱਖਰੀ ਸ਼ਨਾਖ਼ਤ ਨੂੰ ਤਰਜੀਹ ਦਿੰਦੀ ਹੈ | ਇਸ ਦੇ ਉਲਟ ਦੂਜੀ ਪੀੜ੍ਹੀ, ਜੋ ਉੱਥੇ ਹੀ ਜੰਮੀ-ਪਲੀ ਹੈ, ਅਲਹਿਦਗੀ ਦੀ ਬਜਾਏ ਨਵੇਂ ਸਮਾਜ ਵਿਚ ਰਲ਼ ਜਾਣ ਨੂੰ ਮਹੱਤਵ ਦਿੰਦੀ ਹੈ, ਜਿਸ ਕਾਰਨ ਅਕਸਰ ਪਰਿਵਾਰਾਂ ਵਿਚ ਵਿਚਾਰਧਾਰਕ ਟਕਰਾਅ ਦੇਖਣ ਨੂੰ ਮਿਲਦਾ ਹੈ | ਉਨ੍ਹਾਂ ਕਿਹਾ ਕਿ ਪਰਵਾਸ ਅਜੋਕੇ ਸਮੇਂ ਦਾ ਇਕ ਵਿਆਪਕ ਵਰਤਾਰਾ ਬਣ ਚੁੱਕਾ ਹੈ | ਇਸ ਗੁੰਝਲਦਾਰ ਵਿਸੇ ਨੂੰ ਸਮਝਣ ਲਈ ਕੀਤੇ ਗਏ ਇਸ ਅਧਿਐਨ ਰਾਹੀਂ ਪਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਮਾਨਸਿਕ ਅਤੇ ਸਭਿਆਚਾਰਕ ਪਰਤਾਂ ਨੂੰ ਉਭਾਰਿਆ ਗਿਆ ਹੈ | ਇਹ ਖੋਜ ਕਾਰਜ ਪਰਵਾਸ ਨੂੰ ਇੱਕ 'ਤਿੰਨ-ਧਰੁਵੀ ਸੰਵਾਦ' ਵਜੋਂ ਪਰਿਭਾਸ਼ਿਤ ਕਰਦਾ ਹੈ, ਜਿਸ ਵਿਚ ਮੂਲਵਾਸ, ਪਰਵਾਸ ਅਤੇ ਪਰਵਾਸੀ ਭਾਈਚਾਰਾ ਇਕ-ਦੂਜੇ ਨਾਲ਼ ਨਿਰੰਤਰ ਸੰਵਾਦ ਵਿੱਚ ਹਨ | ਡਾ. ਮਨਿੰਦਰ ਕੌਰ ਨੇ ਦੱਸਿਆ ਕਿ ਖੋਜ ਦਾ ਇਕ ਅਹਿਮ ਪਹਿਲੂ ਔਰਤ ਪਾਤਰਾਂ ਦਾ ਵਿਸ਼ਲੇਸ਼ਣ ਹੈ | ਖੋਜ 'ਚ ਸਾਹਮਣੇ ਆਇਆ ਹੈ ਕਿ ਮਰਦਾਂ ਦੇ ਮੁਕਾਬਲੇ ਪੰਜਾਬੀ ਔਰਤਾਂ ਨੇ ਪਰਵਾਸ ਦੌਰਾਨ ਸਭਿਆਚਾਰਕ ਤਬਦੀਲੀਆਂ ਨੂੰ ਵਧੇਰੇ ਸਾਰਥਿਕ ਤਰੀਕੇ ਨਾਲ ਅਪਣਾਇਆ ਹੈ | ਪਰਵਾਸ ਨੇ ਔਰਤਾਂ ਨੂੰ ਪਿੱਤਰਸੱਤਾ ਦੀਆਂ ਬੇੜੀਆਂ ਤੋੜਨ ਅਤੇ ਆਪਣੀ ਸੁਤੰਤਰ ਪਛਾਣ ਬਣਾਉਣ ਦਾ ਮੌਕਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅਧਿਐਨ ਇਹ ਵੀ ਦਰਸਾਉਂਦਾ ਹੈ ਕਿ ਪਰਵਾਸੀ ਪੰਜਾਬੀ ਨਾਵਲ ਹੁਣ ਕੇਵਲ ਪਿਛੋਕੜ ਦੀ ਯਾਦ ਤੱਕ ਸੀਮਤ ਨਹੀਂ ਰਿਹਾ, ਸਗੋਂ ਇਹ ਨਸਲਵਾਦ, ਨਵੀਂ ਪੀੜ੍ਹੀ ਦੇ ਦਵੰਦ, ਆਰਥਿਕ ਸ਼ੋਸ਼ਣ ਅਤੇ ਔਰਤ ਦੀ ਨਵੀਂ ਪਛਾਣ ਵਰਗੇ ਗੰਭੀਰ ਮਸਲਿਆਂ ਨਾਲ ਸੰਵਾਦ ਰਚਾ ਰਿਹਾ ਹੈ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਖੁਸੀ ਦੀ ਗੱਲ ਹੈ ਕਿ ਸਾਡੇ ਖੋਜਾਰਥੀਆਂ ਨੇ ਪ੍ਰਵਾਸੀ ਪੰਜਾਬੀ ਨਾਵਲ ਦੇ ਮਾਧਿਅਮ ਰਾਹੀਂ ਉਨ੍ਹਾਂ ਬਰੀਕ ਮਾਨਸਿਕ ਅਤੇ ਸਮਾਜਿਕ ਤੰਦਾਂ ਨੂੰ ਫੜਨ ਦੀ ਕੋਸ਼ਿਸ ਕੀਤੀ ਹੈ, ਜੋ ਅਕਸਰ ਅੰਕੜਿਆਂ ਦੀ ਭੀੜ 'ਚ ਗੁਆਚ ਜਾਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ 12 ਵੈਲਿਊ ਐੱਡਿਡ ਕੋਰਸਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਅਗਲੀ ਖ਼ਬਰ ਘਨੌਰ ਵਿਖੇ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24