17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਡਿਜੀਟਲ ਦੁਨੀਆ ਦੀ ਗ਼ਲਤ ਜਾਣਕਾਰੀ ਵਿਰੁੱਧ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੁਣ ਅਧਿਆਪਕ ਦਾ ਫ਼ਰਜ਼- ਡਾ. ਜਗਦੀਪ ਸਿੰਘ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ, 4 ਫਰਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਯੂਨੀਵਰਸਿਟੀ ਵਿਖੇ ਅਧਿਆਪਕਾਂ ਲਈ ਆਈ. ਸੀ. ਟੀ. ਅਤੇ ਉੱਭਰਦੀਆਂ ਅਧਿਆਪਨ ਤਕਨੀਕਾਂ ਸੰਬੰਧੀ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ | ਯੂਨੀਵਰਸਿਟੀ ਦੇ ਸਿੱਖਿਆ ਅਤੇ ਸਮੁਦਾਇ ਸੇਵਾਵਾਂ ਵਿਭਾਗ ਵਲੋਂ ਐੱਨ. ਸੀ. ਈ. ਆਰ. ਟੀ. ਨਵੀਂ ਦਿੱਲੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ | ਆਸਟ੍ਰੇਲੀਆ ਦੇ ਪਰਥ ਵਿਚਲੀ ਕਰਟਿਨ ਯੂਨੀਵਰਸਿਟੀ ਤੋਂ ਪੁੱਜੀ ਪ੍ਰੋ. ਰੇਚਲ ਸੈਫੀਲਡ ਨੇ ਮੁੱਖ ਭਾਸ਼ਣ ਦਿੱਤਾ | ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਹੁਣ ਅਧਿਆਪਕ ਦਾ ਸਭ ਤੋਂ ਮੁੱਢਲਾ ਫ਼ਰਜ਼ ਡਿਜੀਟਲ ਦੁਨੀਆ ਵਿਚ ਫੈਲੀ ਗ਼ਲਤ ਜਾਣਕਾਰੀ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੈ | ਉਨ੍ਹਾਂ ਕਿਹਾ ਕਿ ਤਕਨਾਲੋਜੀ ਹੁਣ ਆਧੁਨਿਕ ਅਧਿਆਪਕ ਲਈ ਇਕ ਮੁੱਢਲੀ ਲੋੜ ਬਣ ਗਈ ਹੈ | ਅਧਿਆਪਨ ਦੇ ਬਦਲਦੇ ਸਰੂਪ ਬਾਰੇ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ 'ਬਲੈਕਬੋਰਡ' ਵਾਲੇ ਦੌਰ ਨਾਲ ਸੰਬੰਧ ਰੱਖਦੇ ਹਨ ਪਰ ਅੱਜ, ਏ. ਆਈ. ਦੀ ਬਦੌਲਤ ਤਕਨੀਕੀ ਤਬਦੀਲੀ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿ ਇਸ ਨਾਲ ਕਦਮ ਮਿਲਾ ਕੇ ਚੱਲਣਾ ਔਖਾ ਹੋ ਸਕਦਾ ਹੈ, ਫਿਰ ਵੀ, ਸਾਨੂੰ ਇਸ ਤਬਦੀਲੀ ਨੂੰ ਅਪਣਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨੇ ਇਸ ਡਿਜੀਟਲ ਤਬਦੀਲੀ ਲਈ ਇਕ ਪ੍ਰੇਰਕ ਵਜੋਂ ਕੰਮ ਕੀਤਾ | ਉਨ੍ਹਾਂ ਕਿਹਾ ਕਿ ਕੋਵਿਡ ਦੇ ਸੰਕਟ ਨੇ ਸਿਹਤ ਅਤੇ ਸਿੱਖਿਆ 'ਤੇ ਭਾਵੇਂ ਬੁਰਾ ਪ੍ਰਭਾਵ ਪਾਇਆ ਹੈ, ਪਰ ਇਸ ਨੇ ਆਨਲਾਈਨ ਸਿੱਖਿਆ ਦੇ ਫ਼ਾਇਦਿਆਂ ਬਾਰੇ ਇਕ ਜ਼ਰੂਰੀ ਚਰਚਾ ਨੂੰ ਵੀ ਜਨਮ ਦਿੱਤਾ | ਪ੍ਰੋ. ਰੇਚਲ ਸੈਫੀਲਡ ਨੇ ਡਿਜੀਟਲ ਸਿੱਖਿਆ ਦੇ ਵਿਸ਼ਵ ਪੱਧਰੀ ਰੁਝਾਨਾਂ ਬਾਰੇ ਚਰਚਾ ਕਰਦਿਆਂ ਅੰਤਰਰਾਸ਼ਟਰੀ ਪੱਧਰ ਦੀਆਂ ਬਿਹਤਰੀਨ ਅਧਿਆਪਨ ਪ੍ਰਣਾਲੀਆਂ ਬਾਰੇ ਜਾਣਕਾਰੀ ਦਿੱਤੀ | ਸੈਸ਼ਨ ਦੀ ਸ਼ੁਰੂਆਤ ਪ੍ਰੋਗਰਾਮ ਦੇ ਕਨਵੀਨਰ ਤੇ ਵਿਭਾਗ ਮੁਖੀ ਡਾ. ਗਗਨਦੀਪ ਥਾਪਾ ਦੇ ਸਵਾਗਤੀ ਭਾਸ਼ਣ ਨਾਲ ਹੋਈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਅਧਿਆਪਕਾਂ ਨੂੰ ਉੱਚ ਸਿੱਖਿਆ ਵਿਚ ਆਈ. ਸੀ. ਟੀ. ਅਤੇ ਨਵੀਆਂ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੇ ਸਮਰੱਥ ਬਣਾਉਣ ਲਈ ਬਹੁਤ ਜ਼ਰੂਰੀ ਹਨ | ਪ੍ਰੋਗਰਾਮ ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਨੇ ਪ੍ਰੋਗਰਾਮ ਦੀ ਰੂਪ-ਰੇਖਾ ਸਾਂਝੀ ਕਰਦਿਆਂ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਟੀਚਿਆਂ ਅਨੁਸਾਰ ਅਧਿਆਪਨ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ | ਉਦਘਾਟਨੀ ਸੈਸ਼ਨ ਦੇ ਅੰਤ ਵਿਚ ਐੱਨ. ਸੀ. ਈ. ਆਰ. ਟੀ. ਨਵੀਂ ਦਿੱਲੀ ਤੋਂ ਪੁੱਜੇ ਡਾ. ਰਾਜੇਸ਼ ਕੁਮਾਰ ਨੇ ਧੰਨਵਾਦੀ ਭਾਸ਼ਣ ਦਿੱਤਾ | ਇਸ ਤਿੰਨ ਦਿਨਾਂ ਪ੍ਰੋਗਰਾਮ ਵਿਚ ਕੁੱਲ 12 ਅਕਾਦਮਿਕ ਸੈਸ਼ਨ ਹੋਣਗੇ ਜਿਨ੍ਹਾਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਾਹਿਰ ਆਪਣੇ ਵਿਚਾਰ ਸਾਂਝੇ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ 'ਸਖੀ ਸ਼ਕਤੀ ਮੇਲੇ' ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ 12 ਵੈਲਿਊ ਐੱਡਿਡ ਕੋਰਸਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ
Ad Position 24